ਚੰਡੀਗੜ੍ਹ: ਬੁੱਧਵਾਰ ਨੂੰ ਸ਼ਿਵ ਸੈਨਾ ਦੇ ਝਟਕੇ ਮਗਰੋਂ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਆਪਣੇ ਇੱਕ ਹੋਰ ਪੁਰਾਣੇ ਭਾਈਵਾਲ ਅਕਾਲੀ ਦਲ ਨੂੰ ਟੋਹਣ ਲਈ ਚੰਡੀਗੜ੍ਹ ਪਹੁੰਚੇ ਹਨ। ਅਮਿਤ ਸ਼ਾਹ ਚੰਡੀਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਪੰਜਾਬ ਭਾਜਪਾ ਦੀ ਹਾਈਕਮਾਨ ਵੀ ਸ਼ਾਮਲ ਹੋਵੇਗੀ।   ਯਾਦ ਰਹੇ ਉਪ ਚੋਣਾਂ ਵਿੱਚ ਮਿਲੀ ਹਾਰ ਮਗਰੋਂ ਅਮਿਤ ਸ਼ਾਹ ਨੇ ‘ਸੰਪਰਕ ਫਾਰ ਸਮਰਥਨ’ ਮੁਹਿੰਮ ਵਿੱਢੀ ਹੈ। ਇਸ ਮੁਹਿੰਮ ਤਹਿਤ ਉਹ ਭਾਈਵਾਲ ਪਾਰਟੀਆਂ ਨੂੰ ਮਿਲ ਰਹੇ ਹਨ। ਬੁੱਧਵਾਰ ਨੂੰ ਅਮਿਤ ਸ਼ਾਹ ਨੇ ਸ਼ਿਵ ਸੈਨਾ ਦੇ ਮੁਖੀ ਉਦਵ ਠਾਕਰੇ ਨਾਲ ਮੁਲਾਕਾਤ ਕੀਤੀ ਸੀ। ਅਮਿਤ ਸ਼ਾਹ ਨੂੰ ਸ਼ਿਵ ਸੈਨਾ ਨੇ ਬੇਰੰਗ ਮੋੜਦਿਆਂ 2019 ਵਿੱਚ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜਨ ਦਾ ਐਲਾਨ ਕੀਤਾ ਹੈ। ਇਸੇ ਕੜੀ ਤਹਿਤ ਅੱਜ ਅਮਿਤ ਸ਼ਾਹ ਅਕਾਲੀ ਦਲ ਨਾਲ ਮੀਟਿੰਗ ਲਈ ਪਹੁੰਚ ਰਹੇ ਹਨ। ਮੀਟਿੰਗ ਅਕਾਲੀ ਦਲ ਦੇ ਸੈਕਟਰ 28 ਸਥਿਤ ਦਫ਼ਤਰ ਵਿੱਚ ਹੋਵੇਗੀ। ਯਾਦ ਰਹੇ ਪਿਛਲੇ ਸਮੇਂ ਵਿੱਚ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਕਈ ਮਤਭੇਦ ਵੀ ਉੱਭਰੇ ਹਨ। ਅਕਾਲੀ ਦਲ ਨੇ ਇਸ ਵਾਰ ਵੀ ਹਰਿਆਣਾ ਵਿੱਚ ਵੱਖਰੇ ਤੌਰ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਕਈ ਅਕਾਲੀ ਲੀਡਰ ਆਰਐਸਐਸ ਖਿਲਾਫ ਵੀ ਬੋਲਦੇ ਰਹਿੰਦੇ ਹਨ।