ਚੰਡੀਗੜ੍ਹ: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਵਿੱਚ ਖਤਰਾ ਹੈ। ਪੁਲਿਸ ਉਸ ਨੂੰ ਜੇਲ੍ਹ ਵਿੱਚੋਂ ਭਜਾ ਕੇ ਐਨਕਾਉਂਟਰ ਦਾ ਪਲਾਨ ਬਣਾ ਰਹੀ ਹੈ। ਇਹ ਦਾਅਵਾ ਜੱਗੂ ਭਗਵਾਨਪੁਰੀਆ ਨੇ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੀਤਾ ਹੈ। ਅਕਾਲੀ ਦਲ ਤੇ ਕਾਂਗਰਸ ਵਿੱਚ ਪੁਆੜੇ ਦੀ ਜੜ੍ਹ ਬਣੇ ਗੈਂਗਰਸਟਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਨਾ ਤਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਬੰਦਾ ਹੈ ਤੇ ਨਾਂ ਹੀ ਮਜੀਠੀਆ ਨਾਲ ਕੋਈ ਸਬੰਧ ਹੈ।


ਮਜੀਠੀਆ ਨੇ ਇਲਜ਼ਾਮ ਲਾਇਆ ਸੀ ਕਿ ਜੱਗੂ ਭਗਵਾਨਪੁਰੀਆ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਬੰਦਾ ਹੈ। ਇਸ ਲਈ ਗੈਂਗਸਟਰ ਜੇਲ੍ਹ ਵਿੱਚ ਸਰਕਾਰੀ ਪ੍ਰਹੁਣੇ ਵਾਂਗ ਰਹਿ ਰਿਹਾ ਹੈ। ਇਸ ਦੇ ਉਲਟ ਜੱਗੂ ਭਗਵਾਨਪੁਰੀਆ ਨੇ ਅਦਾਲਤ ਨੂੰ ਕਿਹਾ ਹੈ ਕਿ ਉਸ ਉਪਰ ਝੂਠੇ ਕੇਸ ਪਾਏ ਜਾ ਰਹੇ ਹਨ। ਉਸ ਨੂੰ ਜੇਲ੍ਹ ਦੇ ਕੋਨੇ ਵਿੱਚ ਰੱਖਿਆ ਗਿਆ ਹੈ ਤੇ ਭੱਜ ਜਾਣ ਲਈ ਕਿਹਾ ਜਾਂਦਾ ਹੈ।

ਹਾਈਕੋਰਟ ਨੇ ਜੱਗੂ ਭਗਵਾਨਪੁਰੀਆ ਦੀ ਅਰਜ਼ੀ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਗੈਂਗਟਸ ਨੇ ਪਟੀਸ਼ਨ ਵਿੱਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਤੇ ਡੀਜੀਪੀ ਜੇਲ੍ਹਾਂ ਨੂੰ ਵੀ ਧਿਰ ਬਣਾਇਆ ਹੈ। ਉਸ ਨੇ ਅਦਾਲਤ ਕੋਲ ਜਾਨ ਬਚਾਉਣ ਦੀ ਗੁਹਾਰ ਲਾਈ ਹੈ। ਜੱਗੂ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ।