Sidhu Moosewala murder case: ਪੰਜਾਬ ਪੁਲਿਸ ਹੁਣ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਹੱਥ ਪਾਉਣ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਦੋ ਗੈਂਗਸਟਰਾਂ ਦੇ ਐਨਕਾਊਂਟਰ ਮਗਰੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਕੈਨੇਡਾ ਸਥਿਤ ਗੋਲਡੀ ਬਰਾੜ ਦੀ ਹਵਾਲਗੀ ਲਈ ਯਤਨ ਕਰ ਰਹੀ ਹੈ।
ਦੱਸ ਦਈਏ ਕਿ ਗੋਲਡੀ ਬਰਾੜ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਤਸਵੀਰ ਸਾਫ ਹੋ ਗਈ ਹੈ। ਇਸ ਕਤਲ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਨੇ ਪੁਲਿਸ ਕੋਲ ਕਈ ਖੁਲਾਸੇ ਕੀਤੇ ਹਨ। ਇਸ ਕੇਸ ਦੇ ਮੁੱਖ ਸੂਤਰਥਧਾਰ ਗੋਲਡੀ ਬਰਾੜ ਹੈ ਜੋ ਕੈਨੇਡਾ ਬੈਠਾ ਹੈ। ਉਸ ਨੂੰ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਯਾਦਵ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੰਮ੍ਰਿਤਸਰ ਵਿੱਚ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਕੋਲੋਂ ਬਰਾਮਦ ਹੋਈ ਇਹ ਉਹੀ ਏਕੇ-47 ਰਾਈਫਲ ਹੈ, ਜੋ ਗਾਇਕ ਦੀ ਹੱਤਿਆ ਵਿੱਚ ਵਰਤੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲ ਰਹੀਆਂ ਧਮਕੀਆਂ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ। ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਮਾਨਸਾ ਪੁਲਿਸ ਨੂੰ ਕੀਤੀ ਹੈ। ਪੁਲਿਸ ਦੀ ਮੁੱਢਲੀ ਪੜਤਾਲ ਅਨੁਸਾਰ ਇਨ੍ਹਾਂ ਧਮਕੀਆਂ ਦੀਆਂ ਜ਼ਿਆਦਾਤਰ ਫੋਨ ਕਾਲਾਂ ਪਾਕਿਸਤਾਨ ਤੋਂ ਆ ਰਹੀਆਂ ਹਨ। ਮਾਨਸਾ ਪੁਲਿਸ ਨੇ ਇਸ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਡਰ-ਭੈਅ ਨਾ ਮੰਨਣ ਤੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ।
ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਵਕਾਲਤ ਕਰਦਿਆਂ ਸ਼ੋਸਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਕੁਝ ਵਿਅਕਤੀਆਂ ਨੂੰ ਤਕਲੀਫ਼ ਹੋਈ ਹੈ। ਪ੍ਰਸ਼ੰਸਕ ਨੂੰ ਪੋਸਟ ਪਾਉਣ ਦੇ ਬਦਲੇ ਪਾਕਿਸਤਾਨ ਤੋਂ ਫੋਨ ਅਤੇ ਐੱਸਐੱਮਐੱਸ ਕਰ ਕੇ ਅਜਿਹੀਆਂ ਪੋਸਟਾਂ ਪਾਉਣ ਤੋਂ ਗੁਰੇਜ਼ ਕਰਨ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਦੀ ਤੋਂ ਵਰਜਿਆ ਗਿਆ ਹੈ। ਧਮਕੀ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਸਭ ਕੁਝ ਬੰਦ ਨਾ ਕੀਤਾ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀ ਮਾੜਾ ਹਾਲ ਹੋਵੇਗਾ।