25 ਸਾਲ ਬਾਅਦ ਅੜਿੱਕੇ ਆਏ ਪੁਲਿਸ ਅਫਸਰ, ਐਸਪੀ ਤੇ ਦੋ ਹੌਲਦਾਰਾਂ ਨੂੰ ਜੇਲ੍ਹ
ਏਬੀਪੀ ਸਾਂਝਾ | 22 Dec 2019 12:04 PM (IST)
ਬਰਨਾਲਾ ਦੀ ਅਦਾਲਤ ਨੇ 25 ਸਾਲ ਪੁਰਾਣੇ ਕੇਸ ’ਚ ਫੈਸਲਾ ਸੁਣਾਉਂਦਿਆਂ ਇੱਕ ਸਾਬਕਾ ਐਸਪੀ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ 9-10 ਫਰਵਰੀ 1995 ਦੀ ਦਰਮਿਆਨੀ ਰਾਤ ਨੂੰ 1 ਵਜੇ ਦੇ ਕਰੀਬ ਤਪਾ ਦੇ ਤਤਕਾਲੀ ਡੀਐਸਪੀ ਮਹਿੰਦਰਪਾਲ ਸਿੰਘ ਛੋਕਰ (ਮੌਜੂਦਾ ਸੇਵਾਮੁਕਤ ਐਸਪੀ) ਤੇ ਉਸ ਦੇ ਤਿੰਨ ਗੰਨਮੈਨਾਂ ਭਜਨ ਸਿੰਘ, ਦਲੇਰ ਸਿੰਘ ਤੇ ਗੁਰਚਰਨ ਸਿੰਘ ਨੇ ਉਨ੍ਹਾਂ ਦੇ ਘਰ ਆਏ।
ਸੰਕੇਤਕ ਤਸਵੀਰ
ਚੰਡੀਗੜ੍ਹ: ਬਰਨਾਲਾ ਦੀ ਅਦਾਲਤ ਨੇ 25 ਸਾਲ ਪੁਰਾਣੇ ਕੇਸ ’ਚ ਫੈਸਲਾ ਸੁਣਾਉਂਦਿਆਂ ਇੱਕ ਸਾਬਕਾ ਐਸਪੀ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ 9-10 ਫਰਵਰੀ 1995 ਦੀ ਦਰਮਿਆਨੀ ਰਾਤ ਨੂੰ 1 ਵਜੇ ਦੇ ਕਰੀਬ ਤਪਾ ਦੇ ਤਤਕਾਲੀ ਡੀਐਸਪੀ ਮਹਿੰਦਰਪਾਲ ਸਿੰਘ ਛੋਕਰ (ਮੌਜੂਦਾ ਸੇਵਾਮੁਕਤ ਐਸਪੀ) ਤੇ ਉਸ ਦੇ ਤਿੰਨ ਗੰਨਮੈਨਾਂ ਭਜਨ ਸਿੰਘ, ਦਲੇਰ ਸਿੰਘ ਤੇ ਗੁਰਚਰਨ ਸਿੰਘ ਨੇ ਉਨ੍ਹਾਂ ਦੇ ਘਰ ਆਏ। ਉਸ ਦੇ ਪਿਤਾ ਨੇ ਗੇਟ ਖੋਲ੍ਹਿਆ ਤਾਂ ਡੀਐਸਪੀ ਤੇ ਉਸ ਦੇ ਗੰਨਮੈਨਾਂ ਨੇ ਅੰਦਰ ਆ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਜ਼ਬਰਦਸਤੀ ਆਪਣੀ ਗੱਡੀ ਵਿਚ ਸੁੱਟ ਕੇ ਭਦੌੜ ਵੱਲ ਲੈ ਗਏ। ਰਸਤੇ ਵਿੱਚ ਗੱਡੀ ਰੋਕ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਹ ਉਸ ਨੂੰ ਬੇਹੋਸ਼ੀ ਤੇ ਜ਼ਖ਼ਮੀ ਹਾਲਤ ’ਚ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ਕੋਲ ਸੁੱਟ ਕੇ ਚਲੇ ਗਏ। ਹੋਸ਼ ਆਉਣ ’ਤੇ ਉਹ ਆਪਣੇ ਦੋਸਤ ਜਤਿੰਦਰ ਕੁਮਾਰ ਦੇ ਘਰ ਚਲਾ ਗਿਆ ਜਿਸ ਨੇ ਰਿਸ਼ਤੇਦਾਰਾਂ ਦੀ ਮਦਦ ਨਾਲ ਉਸ ਨੂੰ ਡੀਐਮਸੀ ਲੁਧਿਆਣਾ ਦਾਖਲ ਕਰਵਾਇਆ। ਉਸ ਦੇ ਬਿਆਨਾਂ ’ਤੇ ਪੁਲਿਸ ਨੇ ਡੀਐਸਪੀ ਤੇ ਤਿੰਨੇ ਗੰਨਮੈਨਾਂ ਖਿਲਾਫ਼ ਥਾਣਾ ਸਿਟੀ ’ਚ ਕੇਸ ਦਰਜ ਕੀਤਾ ਸੀ। ਡੀਐਸਪੀ ਆਪਣੀ ਪਹੁੰਚ ਸਦਕਾ ਕੇਸ ਨੂੰ ਪ੍ਰਭਾਵਿਤ ਵੀ ਕਰਦਾ ਰਿਹਾ। ਜੱਜ ਅਮਰਿੰਦਰਪਾਲ ਸਿੰਘ ਦੀ ਅਦਾਲਤ ਨੇ ਮੁੱਦਈ ਦੇ ਵਕੀਲ ਹਰਿੰਦਰਪਾਲ ਸਿੰਘ ਰਾਣੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਾਬਕਾ ਐਸਪੀ ਮਹਿੰਦਰਪਾਲ ਸਿੰਘ ਛੋਕਰ, ਹੌਲਦਾਰ ਭਜਨ ਸਿੰਘ ’ਤੇ ਹੌਲਦਾਰ ਦਲੇਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਵੱਖ ਵੱਖ ਧਾਰਾਵਾਂ ਤਹਿਤ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ’ਚ ਨਾਮਜ਼ਦ ਐਸਪੀਓ ਗੁਰਚਰਨ ਸਿੰਘ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਤਿੰਨ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।