ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਲੰਬੇ ਸਮੇਂ ਤੋਂ ਆਪਸੀ ਕਲੇਸ਼ ਦਾ ਸਾਹਮਣਾ ਕਰ ਰਹੀ ਪੰਜਾਬ ਕਾਂਗਰਸ ਲਈ ਇਹ ਹਫ਼ਤਾ ਕੁਝ ਸ਼ਾਂਤਮਈ ਰਿਹਾ। ਇਸ ਦੇ ਨਾਲ ਹੀ ਹੁਣ ਕਾਂਗਰਸ ਅੰਦਰਲਾ ਕਾਟੋ-ਕਲੇਸ਼ ਵੀ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਇਸ ਸਭ ਦੇ ਨਾਲ ਹੀ ਅਜੇ ਵੀ ਸੂਬਾ ਇਕਾਈ ਲਈ ਮੁਸ਼ਕਲਾਂ ਘੱਟ ਨਹੀਂ ਹੋਈਆਂ ਕਿਉਂਕਿ ਅਜੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ ਬਾਕੀ ਹੈ।
ਦੱਸ ਦਈਏ ਕਿ ਹੁਣ ਆਉਣ ਵਾਲਾ ਹਫ਼ਤਾ ਕਾਂਗਰਸ ਲਈ ਕਾਫੀ ਅਹਿਮ ਹੋਣ ਵਾਲਾ ਹੈ। ਕੈਪਟਨ ਦੇ ਅਗਲੇ ਕਦਮ 'ਤੇ ਕਾਂਗਰਸ ਦੇ ਨਾਲ-ਨਾਲ ਹੋਰ ਵੀ ਪਾਰਟੀਆਂ ਨੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਤੱਕ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੈਪਟਨ ਦੀ ਦੂਜੀ ਦਿੱਲੀ ਫੇਰੀ ਦੇ ਨਾਲ ਕਾਂਗਰਸ ਹਾਈਕਮਾਂਡ ਕੈਪਟਨ ਦੇ ਅਗਲੇ ਕਦਮ ਦੀ ਉਡੀਕ ਕਰ ਰਹੀ ਹੈ।
ਇਸ ਵੇਲੇ ਨਵਜੋਤ ਸਿੱਧੂ ਦਾ ਸੂਬਾ ਕਾਂਗਰਸ ਵਿੱਚ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਤੇ ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਚੰਨੀ ਨੂੰ ਮਜ਼ਬੂਤ ਕਰਨਾ ਹਾਈਕਮਾਨ ਦੇ ਸਾਹਮਣੇ ਮੁੱਖ ਸਵਾਲ ਹੈ ਪਰ ਕਾਂਗਰਸ ਕੈਪਟਨ ਦੇ ਅਗਲੇ ਕਦਮ ਨੂੰ ਦੇਖੇ ਬਗੈਰ ਸਿੱਧੂ ਦੇ ਅਸਤੀਫੇ ਬਾਰੇ ਫੈਸਲਾ ਲੈਣ ਤੋਂ ਕੰਨੀ ਕਤਰਾ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਗਲੇ ਹਫਤੇ ਆਪਣੀ ਰਣਨੀਤੀ ਦਾ ਖੁਲਾਸਾ ਕਰ ਸਕਦੇ ਹਨ, ਜਿਸ ਤਹਿਤ ਉਹ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਵੀ ਛੱਡ ਦੇਣਗੇ ਤੇ ਆਪਣੀ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਵੀ ਕਰ ਸਕਦੇ ਹਨ। ਸਿਆਸੀ ਹਲਕਿਆਂ ਵਿੱਚ ਇਹ ਕਿਆਸਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ ਕਿ ਕੈਪਟਨ ਵੱਲੋਂ ਬਣਾਈ ਜਾਟ ਮਹਾਂਸਭਾ, ਜੋ ਅੱਜਕੱਲ੍ਹ ਸਰਗਰਮ ਨਹੀਂ ਹੈ, ਨੂੰ ਮੁੜ ਐਕਟਿਵ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਕਿਸਾਨ ਖਾਸ ਕਰਕੇ ਜਾਟ ਸਿੱਖਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ।
ਆਪਣੀ ਪਿਛਲੀ ਦਿੱਲੀ ਫੇਰੀ ਦੌਰਾਨ ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਸੀ, ਪਰ ਪੰਜਾਬ ਵਿੱਚ ਕਾਂਗਰਸ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਉਨ੍ਹਾਂ ਦੀ ਬੈਠਕ 'ਤੇ ਸਵਾਲ ਉਠਾਏ ਸੀ ਕੀ ਆਖਰ ਕੈਪਟਨ ਕਿਸ ਹੱਕ ਨਾਲ ਪੰਜਾਬ ਬਾਰੇ ਮਿਲਣ ਗਏ।
ਆਖਰਕਾਰ ਕੈਪਟਨ ਨੂੰ ਬਿਆਨ ਜਾਰੀ ਕਰਕੇ ਖਹਿੜਾ ਛੁਡਾਉਣਾ ਪਿਆ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ। ਅਮਿਤ ਸ਼ਾਹ ਤੇ ਡੋਭਾਲ ਨਾਲ ਮੁਲਾਕਾਤ ਵਿੱਚ ਕੈਪਟਨ ਨੇ ਪਾਕਿਸਤਾਨ ਤੋਂ ਪੰਜਾਬ ਨੂੰ ਖਤਰੇ ਦਾ ਹਵਾਲਾ ਦਿੱਤਾ ਤੇ ਪੰਜਾਬ ਵਾਪਸ ਆਉਣ ਦੇ ਬਾਅਦ ਵੀ ਕੈਪਟਨ ਨੇ ਸੂਬੇ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਸੀ। ਫਿਰ ਕੈਪਟਨ 'ਤੇ ਦੋਸ਼ ਲਗਾਇਆ ਗਿਆ ਕਿ ਉਹ ਪੰਜਾਬ ਦੇ ਮਾੜੇ ਹਾਲਾਤ ਨੂੰ ਮੁੱਦਾ ਬਣਾ ਕੇ ਕੇਂਦਰ ਸਰਕਾਰ ਨੂੰ ਸੂਬੇ 'ਚ ਦਖਲ ਦੇਣ ਦਾ ਮੌਕਾ ਦੇ ਰਹੇ ਹਨ।
ਇਹ ਵੀ ਪੜ੍ਹੋ: Lakhimpur Kheri: ਲਖੀਮਪੁਰ ਹਿੰਸਾ ਬਾਰੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, ਹੋ ਸਕਦਾ ਵੱਡੇ ਪ੍ਰੋਗਰਾਮ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/