ਚੰਡੀਗੜ੍ਹ: ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹਰ ਸੋਮਵਾਰ ਸਵਰੇ ਦੀ ਸਭਾ ਵੇਲੇ ਗੁਜਰਾਤੀ ਭਜਨ ‘ਵੈਸ਼ਨਵ ਜਨ ਤੋ’ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਪ੍ਰਾਈਮਰੀ, ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੇ ਸਾਰੇ ਬੱਚੇ ਸ਼ਾਮਲ ਹੋਣਗੇ। ਅਧਿਆਪਕਾਂ ਨੂੰ ਹਰੇਕ ਬੱਚੇ ਨੂੰ ਇਹ ਭਜਨ ਜ਼ੁਬਾਨੀ ਯਾਦ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸਾਰੇ ਸਕੂਲਾਂ ਨੂੰ ਨੋਟਿਸ ਭੇਜ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਮਹਾਤਮਾ ਗਾਂਧੀ ਦੀ 150 ਵਰ੍ਹੇਗੰਢ ਮਨਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਉੱਧਰ, ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਇਸ ਕਦਮ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸਿਰਫ ਵਿਦਿਆਰਥੀਆਂ ਨੂੰ ਉਲਝਣ ਵਿੱਚ ਪਾਏਗਾ। ਯਾਦ ਰਹੇ ਕਿ ‘ਵੈਸ਼ਨਵ ਜਨ ਤੋ’ ਮਹਾਤਮਾ ਗਾਂਧੀ ਦਾ ਮਨਪਸੰਦੀਦਾ ਭਜਨ ਸੀ।
ਇਹ ਭਜਨ 15ਵੀਂ ਸਦੀ ਵਿੱਚ ਨਰਸਿੰਹ ਮਹਿਤਾ ਨੇ ਲਿਖਿਆ ਸੀ। ਇਸ ਵਿੱਚ ਭਗਵਾਨ ਵਿਸ਼ਨੂ ਦੇ ਜੀਵਨ ਤੇ ਵਿਚਾਰਾਂ ਬਾਰੇ ਗੱਲ ਕੀਤੀ ਗਈ ਹੈ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ) ਦੇ ਨਿਰਦੇਸ਼ਕ ਨੇ ਦੱਸਿਆ ਕਿ ਇਹ ਨੋਟਿਸ ਕੇਂਦਰੀ ਮੰਤਰਾਲੇ ਦੇ ਮਨੁੱਖੀ ਸਰੋਤ ਵਿਭਾਗ ਦੇ ਹੁਕਮ ’ਤੇ ਜਾਰੀ ਕੀਤਾ ਗਿਆ ਹੈ।