ਛੁੱਟੀ ਵਾਲੇ ਦਿਨ ਵੀ ਵਿਧਾਨ ਸਭਾ 'ਚ ਡਟੇ ਕਾਂਗਰਸੀ, ਬਾਦਲ ਨੂੰ ਬੇਰੰਗ ਮੋੜਿਆ
ਏਬੀਪੀ ਸਾਂਝਾ | 13 Sep 2016 02:32 PM (IST)
ਚੰਡੀਗੜ੍ਹ : ਬੀਤੀ ਸ਼ਾਮ ਤੋਂ ਪੰਜਾਬ ਵਿਧਾਨ ਸਭਾ ਦੇ ਅਸੈਂਬਲੀ ਹਾਲ ਵਿੱਚ ਧਰਨਾ ਲਾ ਕੇ ਬੈਠੇ ਕਾਂਗਰਸ ਦੇ 20 ਤੋਂ ਵੀ ਵੱਧ ਵਿਧਾਇਕਾਂ ਨੂੰ ਮਿਲਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚੇ। ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨੂੰ ਧਰਨਾ ਖਤਮ ਕਰਨ ਲਈ ਕਿਹਾ ਪਰ ਪ੍ਰਦਰਸ਼ਨ ਕਰ ਰਹੇ ਵਿਧਾਇਕਾਂ ਨੇ ਸਦਨ ਵਿੱਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਮੁੱਦਿਆਂ ਦਾ ਹੱਲ ਕਰੋ, ਫਿਰ ਧਰਨਾ ਖਤਮ ਕਰਾਂਗੇ। ਦੂਜੇ ਪਾਸੇ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਲਾਇਆ ਹੋਇਆ ਹੈ। ਦਰਅਸਲ, ਕਾਂਗਰਸ ਦੇ ਕੁਝ ਵਿਧਾਇਕ ਸਵੇਰੇ ਆਪਣੇ ਕੁਝ ਨਿੱਜੀ ਕੰਮਾਂ ਲਈ ਬਾਹਰ ਆਏ ਸਨ ਪਰ ਬਾਅਦ ਵਿੱਚ ਜਦੋਂ ਉਹ ਧਰਨਾ ਦੇਣ ਲਈ ਵਿਧਾਨ ਸਭਾ ਦੇ ਅੰਦਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ ਗਿਆ। ਇੱਥੋਂ ਤੱਕ ਕੀ ਕਾਂਗਰਸ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨੂੰ ਵੀ ਵਿਧਾਨ ਸਭਾ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਿਲਹਾਲ, ਕਈ ਕਾਂਗਰਸ ਵਿਧਾਇਕ ਰਜਿੰਦਰ ਕੌਰ ਭੱਠਲ ਤੇ ਲਾਲ ਸਿੰਘ ਦੀ ਅਗਵਾਈ ਵਿੱਚ ਹਾਈਕੋਰਟ ਵਾਲੇ ਚੌਕ 'ਤੇ ਧਰਨਾ ਲਾ ਕੇ ਬੈਠੇ ਹੋਏ ਹਨ। ਦੱਸਣਯੋਗ ਹੈ ਕਿ ਕਾਂਗਰਸ ਵੱਲੋਂ ਸਰਕਾਰ ਖਿਲਾਫ ਬੇਭਰੋਸਗੀ ਮਤਾ ਵਿਧਾਨ ਸਭਾ ਵਿੱਚ ਲਿਆਂਦਾ ਗਿਆ ਸੀ। ਕਾਂਗਰਸ ਵੱਲੋਂ ਇਸ 'ਤੇ ਤਿੰਨ ਘੰਟੇ ਦੀ ਬਹਿਸ ਮੰਗੀ ਗਈ ਸੀ ਪਰ ਕਾਂਗਰਸ ਦਾ ਕਹਿਣਾ ਹੈ ਕਿ ਬਹਿਸ ਦੌਰਾਣ ਵਿਧਾਨ ਸਭਾ ਦੇ ਸਪੀਕਰ ਆਪਣੀ ਕੁਰਸੀ ਤੋਂ ਉੱਠ ਕੇ ਚਲੇ ਗਏ। ਇੱਥੋਂ ਤੱਕ ਵੀ ਮੁੱਖ ਮੰਤਰੀ ਵੀ ਸਦਨ ਵਿੱਚ ਹਾਜ਼ਰ ਨਹੀਂ ਸਨ। ਇਸ ਦੇ ਨਾਲ ਹੀ ਕਾਂਗਰਸ ਦਾ ਦਾਅਵਾ ਹੈ ਕਿ ਸਦਨ ਵਿੱਚ ਉਨ੍ਹਾਂ ਨੂੰ ਬਹਿਸ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਹ ਵਿਧਾਨ ਸਭਾ ਦੇ ਅੰਦਰ ਹੀ ਧਰਨੇ 'ਤੇ ਬੈਠ ਗਏ। ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ, ਪਰ ਵਿਧਾਇਕਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਹਾਲ ਦੇ ਅੰਦਰ ਹੀ ਧਰਨੇ 'ਤੇ ਬੈਠੇ ਰਹਿਣਗੇ। ਇਸ ਤੋਂ ਬਾਅਦ ਵਿਧਾਨ ਸਭਾ ਦਾ ਏ.ਸੀ. ਤੇ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ। ਕਾਂਗਰਸ ਦੇ ਕਰੀਬ 27 ਵਿਧਾਇਕਾਂ ਨੇ ਸਾਰੀ ਰਾਤ ਵਿਧਾਨ ਸਭਾ ਹਾਲ ਦੇ ਅੰਦਰ ਹੀ ਗੁਜਾਰੀ।