ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਵੀਰਵਾਰ ਤੋਂ ਸੱਦਿਆ ਗਿਆ ਹੈ, ਜਿੱਥੇ ਅੱਜ 117 ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਕਈ ਪੱਖਾਂ ਤੋਂ ਖਾਸ ਹੈ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜਾਂ ਦੀ ਹਾਰ ਤੋਂ ਬਾਅਦ ਇਸ ਵਾਰ ਯੰਗ ਵਿਧਾਨ ਸਭਾ ਹੋਵੇਗੀ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ 50 ਸਾਲ ਤੋਂ ਘੱਟ ਉਮਰ ਦੇ ਹਨ। ਪੰਜਾਬ ਇਲੈਕਸ਼ਨ ਵਾਚ ਤੇ ਏਡੀਆਰ ਨੇ ਇਹ ਅੰਕੜੇ ਚੁਣੇ ਹੋਏ ਵਿਧਾਇਕਾਂ ਦੇ ਹਲਫਨਾਮਿਆਂ ਤੋਂ ਲਏ ਹਨ।



ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਦਾਗੀ ਵਿਧਾਇਕਾਂ ਦੀ ਗਿਣਤੀ ਵਧੀ ਹੈ। 2022 ਵਿੱਚ ਅਪਰਾਧਿਕ ਮਾਮਲਿਆਂ ਵਾਲੇ 58 ਵਿਧਾਇਕ ਜਿੱਤੇ ਹਨ। 2017 ਵਿੱਚ ਅਜਿਹੇ ਸਿਰਫ਼ 16 ਵਿਧਾਇਕ ਸਨ। ਇਸ ਵਾਰ ਕਰੋੜਪਤੀ ਵਿਧਾਇਕ ਘੱਟ ਹੋਏ ਹਨ। 2022 'ਚ 87 ਕਰੋੜਪਤੀ ਵਿਧਾਇਕ ਹਨ ਜਦਕਿ 2017 'ਚ ਇਨ੍ਹਾਂ ਦੀ ਗਿਣਤੀ 95 ਸੀ। ਇਸ ਵਾਰ ਵਿਧਾਇਕਾਂ ਦੀ ਔਸਤ ਜਾਇਦਾਦ ਵਿੱਚ ਵੀ ਕਮੀ ਆਈ ਹੈ। 2022 ਵਿੱਚ ਸਾਰੇ 117 ਵਿਧਾਇਕਾਂ ਦੀ ਔਸਤ ਜਾਇਦਾਦ 10.45 ਕਰੋੜ ਹੈ। 2017 ਵਿੱਚ ਔਸਤ ਜਾਇਦਾਦ 11.78 ਕਰੋੜ ਸੀ। ਇਸ ਵਾਰ 13 ਮਹਿਲਾ ਵਿਧਾਇਕ ਚੁਣੇ ਗਏ ਹਨ। 2017 ਵਿੱਚ ਸਿਰਫ਼ 5 ਮਹਿਲਾ ਵਿਧਾਇਕ ਸਨ।

ਪੰਜਾਬ ਦੇ 58 ਨਵੇਂ ਚੁਣੇ ਵਿਧਾਇਕਾਂ ਖਿਲਾਫ ਕੇਸ ਦਰਜ ਹਨ। ਇਨ੍ਹਾਂ 'ਚੋਂ 27 ਵਿਧਾਇਕ ਅਜਿਹੇ ਹਨ, ਜਿਨ੍ਹਾਂ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ ਇਕ ਵਿਧਾਇਕ 'ਤੇ ਹੱਤਿਆ, 2 'ਤੇ ਹੱਤਿਆ ਦੀ ਕੋਸ਼ਿਸ਼, 3 'ਤੇ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਦਰਜ ਹਨ। ਸਭ ਤੋਂ ਜ਼ਿਆਦਾ ਦਾਗ਼ੀ 'ਆਪ' ਨੇ 92 ਸੀਟਾਂ ਜਿੱਤੀਆਂ ਹਨ। ਉਨ੍ਹਾਂ ਦੇ 52 ਵਿਧਾਇਕਾਂ ਖਿਲਾਫ ਕੇਸ ਦਰਜ ਹਨ। ਕਾਂਗਰਸ ਦੇ 18 ਵਿੱਚੋਂ 3 ਵਿਧਾਇਕ, ਅਕਾਲੀ ਦਲ ਦੇ 3 ਵਿੱਚੋਂ 2 ਅਤੇ ਭਾਜਪਾ ਦੇ 2 ਵਿੱਚੋਂ 1 ਵਿਧਾਇਕ ਖ਼ਿਲਾਫ਼ ਕੇਸ ਦਰਜ ਹਨ।

ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕਾਂ ਵਿੱਚੋਂ 87 ਕਰੋੜਪਤੀ ਹਨ। 'ਆਪ' ਦੇ ਸਭ ਤੋਂ ਵੱਧ 63, ਕਾਂਗਰਸ ਦੇ 17, ਅਕਾਲੀ ਦਲ ਦੇ 2, ਭਾਜਪਾ ਤੇ ਬਸਪਾ ਦੇ 1-1 ਵਿਧਾਇਕ ਹਨ। 117 ਵਿਧਾਇਕਾਂ 'ਚੋਂ 39 5 ਕਰੋੜ ਤੋਂ ਵੱਧ, 27 2 ਤੋਂ 5 ਕਰੋੜ, 32 50 ਲੱਖ ਤੋਂ 2 ਕਰੋੜ, 14 10 ਲੱਖ ਤੋਂ 50 ਲੱਖ ਅਤੇ 5 10 ਲੱਖ ਤੋਂ ਘੱਟ ਜਾਇਦਾਦ ਵਾਲੇ ਹਨ। ਪਾਰਟੀ ਦੇ ਹਿਸਾਬ ਨਾਲ 'ਆਪ' ਦੇ 92 ਵਿਧਾਇਕਾਂ ਦੀ ਔਸਤ ਜਾਇਦਾਦ 7.52 ਕਰੋੜ, ਕਾਂਗਰਸ ਦੇ 18 ਵਿਧਾਇਕਾਂ ਦੀ 22.73 ਕਰੋੜ, ਅਕਾਲੀ ਦਲ ਦੇ 3 ਵਿਧਾਇਕਾਂ ਦੀ 15.03 ਕਰੋੜ ਤੇ ਭਾਜਪਾ ਦੇ 2 ਵਿਧਾਇਕਾਂ ਦੀ 2.49 ਕਰੋੜ ਰੁਪਏ ਹੈ।