Punjab Weather: ਅਪ੍ਰੈਲ ਮਹੀਨੇ 'ਚ ਹੀ ਤਪਦੀ ਗਰਮੀ ਨੇ ਲੋਕਾਂ ਦਾ ਹਾਲ ਬੇਹਾਲ ਕਰ ਦਿੱਤਾ ਹੈ। ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਲੋਕ ਲੂ ਦਾ ਤਾਪ ਸਹਾਰ ਰਹੇ ਹਨ। ਪੰਜਾਬ 'ਚ ਵੀ ਅੱਤ ਦੀ ਗਰਮੀ ਨਾਲ ਪਾਰਾ ਸਿਖਰਾਂ 'ਤੇ ਹੈ। ਹਾਲਾਂਕਿ ਕਈ ਥਾਵਾਂ 'ਤੇ ਧੂੜ ਭਰੀ ਹਨੇਰੀ ਤੇ ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਇੱਕ ਵਾਰ ਫਿਰ ਤੋਂ ਗਰਮੀ ਵਧਣ ਲੱਗੀ ਹੈ। ਸੂਬੇ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ ਤੇ ਕਈਆਂ ਦਾ ਤਾਪਮਾਨ 40 ਦੇ ਨੇੜੇ ਪਹੁੰਚ ਗਿਆ ਹੈ।



ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ ਯਾਨੀ ਬੁੱਧਵਾਰ ਤੇ ਕੱਲ੍ਹ ਵੀਰਵਾਰ ਨੂੰ ਮੌਸਮ ਖੁਸ਼ਕ ਰਹਿਣ ਵਾਲਾ ਹੈ। ਤੇਜ਼ ਧੁੱਪ ਦਾ ਕਹਿਰ ਜਾਰੀ ਰਹੇਗਾ ਤੇ ਤਾਪਮਾਨ ਘਟਣ ਦਾ ਕੋਈ ਆਸਾਰ ਨਹੀਂ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਵੀ ਗਰਮੀ ਦਾ ਪ੍ਰਕੋਪ ਵਧੇਗਾ। ਹੀਟ ਵੇਵ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੰਜਾਬ ਵਿੱਚ 27 ਤੇ 28 ਅਪ੍ਰੈਲ ਨੂੰ ਹੀਟ ਵੇਵ ਦੇ ਹਾਲਾਤ ਬਣਨ ਦੇ ਆਸਾਰ ਹਨ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਤੇ ਪਟਿਆਲਾ ਦਾ ਤਾਪਮਾਨ 40 ਦੇ ਪਾਰ ਪਹੁੰਚ ਗਿਆ ਹੈ। ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਤੇ ਜਲੰਧਰ ਦਾ ਤਾਪਮਾਨ 39 ਡਿਗਰੀ ਤੋਂ ਵੱਧ, ਪਰ 40 ਡਿਗਰੀ ਤੋਂ ਘੱਟ ਹੈ।