ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਵਿੱਚ 30 ਤੇ 31 ਜਨਵਰੀ ਨੂੰ 'ਪੰਜਾਬ ਰਾਜ ਯੁਵਕ ਮੇਲਾ 2020' ਕਰਵਾਇਆ ਜਾ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ  ਡਾ. ਆਰਐਸ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ, ਸਿਨੇਮਾ, ਸੰਗੀਤ, ਕਲਾ ਤੇ ਸੱਭਿਆਚਾਰ ਦੇ ਖੇਤਰ 'ਚ ਪੰਜਾਬ ਦੀਆਂ ਅਜਿਹੀਆਂ ਨੌਜਵਾਨ ਸ਼ਖਸੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ 2020 ਨਾਲ ਸਨਮਾਨਿਤ ਕਰੇਗੀ, ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਨਾ ਸਿਰਫ ਆਪਣਾ ਨਾਂ ਰੌਸ਼ਨਾਇਆ ਹੈ ਸਗੋਂ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ।


ਇਸ ਮੌਕੇ 18 ਸ਼ਖਸੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ ਭੇਂਟ ਕੀਤਾ ਜਾਵੇਗਾ। ਇਸ ਵਿੱਚ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ, ਅੰਤਰ ਰਾਸ਼ਟਰੀ ਪੱਧਰ ਤੇ ਸ਼ੂਟਿੰਗ 'ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਤਮਗਾ ਜੇਤੂ ਡਾ. ਬਲਜੀਤ ਸਿੰਘ ਸੇਖੋਂ, ਪੰਜਾਬ ਆਰਟਸ ਕੌਂਸਲ ਦੀ ਸਾਬਕਾ ਚੇਅਰਪਰਸਨ ਸਤਿੰਦਰ ਸੱਤੀ, ਐਮੀ ਵਿਰਕ, ਸਰਗੁਣ ਮਹਿਤਾ, ਲਖਵਿੰਦਰ ਵਡਾਲੀ ਦੇ ਨਾਂ ਅਹਿਮ ਹਨ। ਇਹ ਪੁਰਸਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਦਿੱਤੇ ਜਾਣਗੇ।