ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਮੰਨਦਿਆਂ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿੱਚ ਇੱਕ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੇਂਦਰ ਨੇ ਮੌਜੂਦਾ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰੀ ਨੇ ਮੰਗਲਵਾਰ ਸ਼ਾਮ ਨੂੰ ਇਸ 'ਤੇ ਮਨਜ਼ੂਰੀ ਦਿੱਤੀ।


ਨਵੇਂ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ 325 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਇਸ ਵਿੱਚੋਂ 195 ਕਰੋੜ, ਭਾਵ 60% ਹਿੱਸੇਦਾਰੀ, ਕੇਂਦਰ ਸਰਕਾਰ ਦੇਵੇਗੀ। ਬਾਕੀ 40% ਯਾਨੀ 130 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਕਾਲਜ ਲਈ ਯੋਗਦਾਨ ਪਾਇਆ ਜਾਵੇਗਾ।

ਆਉਣ ਵਾਲਾ ਮੈਡੀਕਲ ਕਾਲਜ ਕੰਢੀ ਖੇਤਰ ਵਿੱਚ ਆਪਣੀ ਕਿਸਮ ਦਾ ਪਹਿਲਾ ਹਸਪਤਾਲ ਹੋਵੇਗਾ ਜੋ 100 ਸੀਟਾਂ ਦੀ ਸਮਰੱਥਾ ਵਾਲਾ ਹੋਵੇਗਾ। ਇਹ ਖੇਤਰ ਵਿੱਚ ਡਾਕਟਰੀ ਸਿੱਖਿਆ ਤੇ ਖੋਜ ਨੂੰ ਉਤਸ਼ਾਹ ਦੇਣ ਤੋਂ ਇਲਾਵਾ, ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਹੋਵੇਗਾ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਮੌਜੂਦਾ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਵੀ ਮਨਜ਼ੂਰੀ ਦਿੱਤੀ ਹੈ। ਇਸ ਵਿੱਚ 200 ਬੈੱਡ ਦੀ ਸਮਰੱਥਾ ਨੂੰ ਵਧਾ ਕੇ 500 ਕੀਤਾ ਜਾਵੇਗਾ।