ਚੰਡੀਗੜ੍ਹ: ਪੰਜਾਬੀ ਸਾਹਿਤ ਦੀ ਸਰਬੋਤਮ ਕਾਰਗੁਜ਼ਾਰੀ ਨੂੰ ਸਨਮਾਨਤ ਕਰਨ ਲਈ ਸਾਲ 2017 ਦੇ ਢਾਹਾਂ ਪੰਜਾਬੀ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰਗਟ ਸਿੰਘ ਸਤੌਜ ਦੇ ਨਾਵਲ 'ਖਬਰ ਇੱਕ ਪਿੰਡ ਦੀ' ਨੂੰ ਪੱਚੀ ਹਜ਼ਾਰ ਡਾਲਰ ਦਾ ਪਹਿਲਾ ਇਨਾਮ ਮਿਲਿਆ ਹੈ। ਇਸੇ ਤਰ੍ਹਾਂ ਅਲੀ ਅਨਵਰ ਅਹਿਮਦ (ਪੰਜਾਬ, ਪਾਕਿਸਤਾਨ) ਦੇ ਕਹਾਣੀ ਸੰਗ੍ਰਹਿ ਤੰਦ ਤੰਦ ਮੈਲੀ ਚਾਦਰ ਨੂੰ ਪੰਜ ਹਜ਼ਾਰ ਡਾਲਰ ਦਾ ਇਨਾਮ ਮਿਲਿਆ ਹੈ। ਨਛੱਤਰ ਸਿੰਘ ਬਰਾੜ (ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ) ਦੇ ਨਾਵਲ ਪੇਪਰ ਮੈਰਿਜ ਨੂੰ ਵੀ ਪੰਜ ਹਜ਼ਾਰ ਡਾਲਰ ਦਾ ਇਨਾਮ ਮਿਲਿਆ ਹੈ। ਢਾਹਾਂ ਪ੍ਰਾਈਜ਼ ਗਲੋਬਲ ਪੱਧਰ ਤੇ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਦਾ ਹੈ ਅਤੇ ਗੁਰਮੁਖੀ ਜਾਂ ਸ਼ਾਹਮੁਖੀ ਲਿੱਪੀ ਵਿੱਚ ਲਿਖੀ ਸਰਬੋਤਮ ਪੰਜਾਬੀ ਗਲਪ ਦੀ ਕਿਤਾਬ ਨੂੰ ਸਲਾਨਾ ਪੁਰਸਕਾਰ ਦਿੰਦਾ ਹੈ।

ਢਾਹਾਂ ਪ੍ਰਾਈਜ਼ ਅਤੇ ਭਾਈਵਾਲ ਬੀ ਸੀ ਸੈਕੰਡਰੀ ਸਕੂਲਜ਼ ਨੇ 2017 ਦੇ ਯੂਥ ਅਵਾਰਡਜ਼ ਦੇ ਜੇਤੂਆਂ ਦੀ ਚੋਣ ਕਰ ਲੈਣ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਅਵਾਰਡਜ਼ ਲਈ ਮੁਕਾਬਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ 11 ਅਤੇ 12 ਗਰੇਡ ਦੇ ਵਿਦਿਆਰਥੀ ਪੰਜਾਬੀ ਵਿੱਚ ਲਿਖੀਆਂ ਅਤੇ ਇੰਗਲਿਸ਼ ਵਿੱਚ ਅਨੁਵਾਦ ਕੀਤੀਆਂ ਕਹਾਣੀਆਂ ਲੈ ਕੇ ਸ਼ਾਮਲ ਹੋਏ। 4 ਨਵੰਬਰ, 2017 ਨੂੰ ਹੋਣ ਵਾਲੇ ਪ੍ਰਾਈਜ਼ ਅਵਾਰਡ ਸਮਾਰੋਹ ਤੇ ਇਨ੍ਹਾਂ ਅਵਾਰਡਜ਼ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।

ਢਾਹਾਂ ਪ੍ਰਾਈਜ਼ ਦੇ ਸੰਸਥਾਪਕ ਬਰਜਿੰਦਰ ਢਾਹਾਂ ਨੇ ਕਿਹਾ ਕਿ 2017 ਦੇ ਢਾਹਾਂ ਪ੍ਰਾਈਜ਼ ਜੇਤੂ ਪੰਜਾਬੀ ਸਾਹਿਤ ਸੰਸਾਰ ਦੀਆਂ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਖਸ਼ੀਅਤਾਂ ਹਨ। ਉਨ੍ਹਾਂ ਦੀਆਂ ਕਹਾਣੀਆਂ ਅਤੇ ਕਿਰਦਾਰ ਗਹਿਰੇ ਅਤੇ ਖਿੱਚ ਪਾਉਣ ਵਾਲੇ ਹਨ। ਹਰ ਕਿਤਾਬ ਹੀ ਪੰਜਾਬੀ ਸਾਹਿਤ,ਭਾਸ਼ਾ ਅਤੇ ਕਲਚਰ ਨੂੰ ਇਕ ਖੂਬਸੂਰਤ ਦੇਣ ਹੈ।