ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ 'ਤੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਵੱਲੋਂ 8 ਸਾਲਾਂ ਤੋਂ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਲੰਗਾਹ 'ਤੇ ਪੀੜਤ ਔਰਤ ਨੇ ਉਸ ਦੇ ਪੈਸੇ ਹੜੱਪਣ ਦਾ ਵੀ ਇਲਜ਼ਾਮ ਲਾਇਆ ਹੈ।

ਗੁਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ 'ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ।

ਪੀੜਤਾ ਮੁਤਾਬਕ ਸਾਬਕਾ ਅਕਾਲੀ ਮੰਤਰੀ ਨੇ ਕੁਝ ਦਿਨਾਂ ਬਾਅਦ ਇਕੱਲੇ ਕਿਸਾਨ ਭਵਨ ਵਿੱਚ ਹੀ ਆ ਕੇ ਮਿਲਣ ਲਈ ਕਿਹਾ। ਉਸ ਦੇ ਕਹੇ ਮੁਤਾਬਕ ਉਹ ਚਲੀ ਗਈ ਤੇ ਪੀੜਤਾ ਦੀ ਸ਼ਿਕਾਇਤ ਮੁਤਾਬਕ ਉਸ ਨੇ ਉਸ ਨਾਲ ਗ਼ਲਤ ਹਰਕਤਾਂ ਸ਼ੁਰੂ ਕਰ ਦਿੱਤੀਆਂ। ਇਸ 'ਤੇ ਪੀੜਤਾ ਨੇ ਸਾਬਕਾ ਮੰਤਰੀ ਨੂੰ ਉਸ ਦੀ ਧੀ ਦੇ ਨਾਲ ਪੜ੍ਹੀ ਹੋਣ ਦਾ ਵਾਸਤਾ ਵੀ ਪਾਇਆ। ਪੀੜਤਾ ਦੀ ਸ਼ਿਕਾਇਤ ਮੁਤਾਬਕ ਨੌਕਰੀ ਦੀ ਜ਼ਰੂਰਤ ਕਾਰਨ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ।

ਸ਼ਿਕਾਇਤ ਵਿੱਚ ਪੀੜਤਾ ਨੇ ਸੁੱਚਾ ਸਿੰਘ ਲੰਗਾਹ 'ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ। ਪੀੜਤਾ ਨੇ ਲੰਗਾਹ 'ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਲਾਏ। ਉਸ ਨੇ ਜਦ ਪੈਸੇ ਮੰਗੇ ਤਾਂ ਸਹਿਕਾਰੀ ਬੈਂਕ ਤੋਂ ਕਰਜ਼ ਦਿਵਾ ਦਿੱਤਾ। ਪੀੜਤਾ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਉਹ ਇਕੱਲੀ ਨਹੀਂ। ਲੰਗਾਹ ਨੇ ਹੋਰਨਾਂ ਔਰਤਾਂ ਦਾ ਵੀ ਸਰੀਰਕ ਸ਼ੋਸ਼ਣ ਕੀਤਾ ਹੈ। ਉਸ ਨੇ ਸਾਬਕਾ ਮੰਤਰੀ ਤੋਂ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਖ਼ਤਰਾ ਹੋਣ ਦੀ ਗੱਲ ਵੀ ਕਹੀ ਤੇ ਸੁਰੱਖਿਆ ਦੀ ਮੰਗ ਵੀ ਕੀਤੀ। ਉਸ ਨੇ ਸਬੂਤ ਦੇ ਤੌਰ 'ਤੇ ਵੀਡੀਓ ਵੀ ਬਣਾਈ। ਇਹ ਉਸ ਨੇ ਪੈਨ ਡਰਾਈਵ ਵਿੱਚ ਪੁਲਿਸ ਨੂੰ ਸੌਂਪ ਦਿੱਤੀ ਹੈ।

ਪੀੜਤਾ ਨੇ ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ ਨੂੰ ਆਪਣੀ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਿਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ ਹੈ। ਹਾਲੇ ਤਕ ਸਾਬਕਾ ਮੰਤਰੀ ਦੀ ਗ੍ਰਿਫਤਾਰੀ ਨਹੀਂ ਹੋਈ। ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ।

ਦੱਸ ਦਈਏ ਕਿ ਸੁੱਚਾ ਸਿੰਘ ਨੂੰ 2015 ਵਿੱਚ ਅਦਾਲਤ ਨੇ 3 ਸਾਲ ਦੀ ਕੈਦ ਤੇ 1 ਕਰੋੜ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਸੀ। ਲੰਗਾਹ 'ਤੇ ਦੋਸ਼ ਸੀ ਕਿ ਉਸ ਨੇ 1997 ਤੋਂ 2002 ਦੌਰਾਨ ਅਕਾਲੀ ਸਰਕਾਰ ਸਮੇਂ ਮੰਤਰੀ ਹੁੰਦਿਆਂ 13 ਕਰੋੜ ਦੇ ਅਸਾਸੇ ਇਕੱਠੇ ਕੀਤੇ ਸਨ। ਉਸ ਨੇ ਆਪਣੇ ਇਲਾਕੇ ਵਿੱਚ 35 ਏਕੜ ਜ਼ਮੀਨ ਨੂੰ ਬਾਜ਼ਾਰ ਮੁੱਲ ਤੋਂ 5 ਗੁਣਾ ਘੱਟ ਕੀਮਤ 'ਤੇ ਖਰੀਦਿਆ ਸੀ। ਹਾਲਾਂਕਿ, ਲੰਗਾਹ ਨੇ ਸਥਾਨਕ ਆਗੂਆਂ ਦੀ ਸਹਾਇਤਾ ਨਾਲ 1 ਕਰੋੜ ਰੁਪਏ ਦਾ ਜ਼ੁਰਮਾਨਾ ਨਕਦ ਭਰ ਕੇ ਜ਼ਮਾਨਤ ਹਾਸਲ ਕਰ ਲਈ ਸੀ।