ਚੰਡੀਗੜ੍ਹ: ਪੰਜਾਬ ਗਾਇਕਾ ਅਨਮੋਲ ਗਗਨ ਅਤੇ ਯੂਥ ਅਕਾਲੀ ਆਗੂ ਅਜੇ ਸਿੰਘ ਲਿਬੜਾ ਅੱਜ 'ਆਪ' ਪ੍ਰਧਾਨ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਲਾਲ ਚੰਦ ਕਟਾਰੂ ਚੱਕ ਭੋਹਾ ਹਲਕੇ ਤੋਂ ਆਰਏਪੀ ਆਗੂ ਨੇ ਵੀ ‘ਆਪ’ ਦਾ ਪੱਲਾ ਫੜ ਲਿਆ।


ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ 'ਚ ਹਰ ਵਰਗ ਦੇ ਲੋਕ ਆ ਰਹੇ ਹਨ। ਅਕਾਲੀ ਦਲ ਅਤੇ ਕਾਂਗਰਸ 'ਚ ਅਜਿਹੇ ਆਗੂ ਤੇ ਨੌਜਵਾਨ ਹਨ ਜੋ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਨਾਅਰੇ ਮਾਰਨ ਲਈ ਹੀ ਰੱਖਿਆ ਜਾਂਦਾ ਹੈ। ਆਪ ਵਿਚ ਹਰ ਸਾਧਾਰਨ ਬੰਦੇ ਨੂੰ ਥਾਂ ਦਿੱਤੀ ਜਾਂਦੀ ਹੈ। ਮਾਨ ਨੇ ਅੱਗੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੋ ਅੱਜ ਅਕਾਲੀ ਦਲ ਤੇ ਕਾਂਗਰਸ 'ਚ ਜਾਵੇਗਾ, ਮੰਨਿਆ ਜਾਵੇਗਾ ਕਿ ਉਨ੍ਹਾਂ ਦੀ ਨਿੱਜੀ ਲੋੜ ਹੈ।

ਉਧਰ ਗਗਨ ਅਨਮੋਲ ਨੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸੀ। ਗਾਇਕੀ ਰਾਹੀਂ ਮਾਣ-ਸਨਮਾਨ ਤੇ ਦੌਲਤ ਮਿਲੀ ਪਰ ਮਨ ਨੂੰ ਸਕੂਨ ਨਹੀਂ ਮਿਲਦਾ ਸੀ। ਕੁਝ ਸਿਆਸੀ ਪਰਿਵਾਰਾਂ ਨੇ ਹੀ ਸਿਆਸਤ 'ਚ ਕਬਜ਼ਾ ਕੀਤਾ ਹੋਇਆ ਹੈ। ਉਹ ਬਦਲਾਅ ਦੀ ਰਾਜਨੀਤੀ ਕਰਨ ਪਾਰਟੀ 'ਚ ਸ਼ਾਮਲ ਹੋਈ ਹੈ। ਉਸ ਨੇ ਕਿਹਾ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਹਨ। ਇੱਥੇ ਸੌਖਾ ਹੈ ਬਦਲਾਅ ਲਿਆਉਣਾ।



ਇਸ ਮੌਕੇ ਲਾਲ ਚੰਦ ਕਟਰੂਚੱਕ ਨੇ ਕਿਹਾ ਕਿ ਇਸ ਸਮੇਂ ਆਮ ਆਦਮੀ ਪਾਰਟੀ ਹੀ ਇਕ ਮਾਤਰ ਵਿਕਲਪ ਹੈ ਅਤੇ ਦੇਸ਼ ਅਤੇ ਪੰਜਾਬ ਦਾ ਹਰ ਪੱਖੋਂ ਖੋਇਆ ਮਾਨ ਸਨਮਾਨ ਬਹਾਲ ਕਰਨ ਦੀ ਸੋਚ ਅਤੇ ਸਮਰੱਥਾ ਰੱਖਦੀ ਹੈ। ਲਾਲ ਚੰਦ ਕਟਰੂਚੱਕ  2019 ਦੀਆਂ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਰਹੇ ਅਤੇ ਆਪਣੇ ਪਿੰਡ ਦੇ 25 ਸਾਲਾਂ ਤੋਂ ਸਰਪੰਚ ਚਲੇ ਆ ਰਹੇ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904