ਪੰਜਾਬੀ ਗਾਇਕ ਕਰਨ ਔਜਲਾ ਤੇ ਸਾਥੀ 'ਤੇ ਕੈਨੇਡਾ 'ਚ ਕਾਤਲਾਨਾ ਹਮਲਾ
ਏਬੀਪੀ ਸਾਂਝਾ | 10 Jun 2019 08:58 AM (IST)
ਘਟਨਾ ਸਮੇਂ ਕਰਨ ਔਜਲਾ ਦੇ ਨਾਲ ਰੇਹਾਨ ਰਿਕਾਰਡਜ਼ ਦੇ ਮਾਲਕ ਸੰਦੀਪ ਰੇਹਾਨ ਤੋਂ ਇਲਾਵਾ ਕਲਾਕਾਰ ਦੀਪ ਜੰਡੂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੀਤੀ 16 ਮਾਰਚ ਨੂੰ ਜਦੋਂ ਕਰਨ ਔਜਲਾ ਤੇ ਸੰਦੀਪ ਰੇਹਾਨ ਭਾਰਤ ਆਇਆ ਸੀ, ਤਾਂ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਫ਼ਾਈਲ ਤਸਵੀਰ
ਸਰੀ: ਪੰਜਾਬੀ ਗਾਇਕ ਕਰਨ ਔਜਲਾ ਅਤੇ ਉਸ ਦੇ ਸਾਥੀ ਸੰਦੀਪ ਰੇਹਾਨ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਸ਼ਹਿਰ ਸਰੀ ਵਿੱਚ ਗੋਲ਼ੀ ਮਾਰਨ ਦੀ ਖ਼ਬਰ ਹੈ। ਇਸ ਕਾਤਲਾਨਾ ਹਮਲੇ ਵਿੱਚ ਔਜਲਾ ਤੇ ਉਸ ਦਾ ਸਾਥੀ ਵਾਲ-ਵਾਲ ਬੱਚ ਗਏ। ਘਟਨਾ ਸਮੇਂ ਕਰਨ ਔਜਲਾ ਦੇ ਨਾਲ ਰੇਹਾਨ ਰਿਕਾਰਡਜ਼ ਦੇ ਮਾਲਕ ਸੰਦੀਪ ਰੇਹਾਨ ਤੋਂ ਇਲਾਵਾ ਕਲਾਕਾਰ ਦੀਪ ਜੰਡੂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੀਤੀ 16 ਮਾਰਚ ਨੂੰ ਜਦੋਂ ਕਰਨ ਔਜਲਾ ਤੇ ਸੰਦੀਪ ਰੇਹਾਨ ਭਾਰਤ ਆਇਆ ਸੀ, ਤਾਂ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹਾਲਾਂਕਿ, ਫੇਸਬੁੱਕ 'ਤੇ ਦਵਿੰਦਰ ਬੰਬੀਹਾ ਨਾਂਅ ਦੇ ਪ੍ਰੋਫਾਈਲ ਤੋਂ ਇਸ ਹਮਲੇ ਦੀ ਜ਼ਿੰਮੇਵਾਰੀ ਸੁਖਪ੍ਰੀਤ ਬੁੱਢਾ ਨੂੰ ਦਿੱਤੀ ਗਈ ਸੀ ਪਰ ਬਾਅਦ ਵਿੱਚ ਸੁਖਪ੍ਰੀਤ ਬੁੱਢਾ ਨਾਂਅ ਦੀ ਪ੍ਰੋਫਾਈਲ ਤੋਂ ਇਸ ਘਟਨਾ ਵਿੱਚ ਉਸ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਗਿਆ। ਪੰਜਾਬੀ ਕਲਾਕਾਰਾਂ 'ਤੇ ਫਿਰੌਤੀ ਪਿੱਛੇ ਕਾਫੀ ਹਮਲੇ ਤੇ ਧਮਕੀਆਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਪਿਛਲੇ ਸਾਲ ਕਲਾਕਾਰ ਪਰਮੀਸ਼ ਵਰਮਾ 'ਤੇ ਵੀ ਕਾਤਲਾਨਾ ਹਮਲਾ ਕੀਤਾ ਗਿਆ ਸੀ ਅਤੇ ਗਿੱਪੀ ਗਰੇਵਾਲ ਨੂੰ ਵੀ ਧਮਕੀ ਮਿਲੀ ਸੀ। ਪਰ ਇਨ੍ਹਾਂ ਘਟਨਾਵਾਂ ਦੇ ਦੋਸ਼ ਵਿੱਚ ਗੈਂਗਸਟਰ ਦਿਸਪ੍ਰੀਤ ਢਾਹਾਂ ਫੜਿਆ ਗਿਆ ਹੈ। ਪਰ ਗੈਂਗਸਟਰਾਂ ਦੇ ਹੱਥ ਵਿਦੇਸ਼ਾਂ ਤਕ ਪਹੁੰਚਣਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੁਨਿਟ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤਾਜ਼ਾ ਮਾਮਲੇ ਦੀ ਜਾਣਕਾਰੀ ਕੈਨੇਡਾ ਪੁਲਿਸ ਤੋਂ ਹਾਸਲ ਕਰ ਰਹੇ ਹਨ।