ਜਲੰਧਰ: ਸਉਦੀ ਅਰਬ ਵਿੱਚ ਫਸੇ ਪੰਜਾਬੀਆਂ ਦਾ ਬੁਰਾ ਹਾਲ ਹੈ। ਅੱਜ ਦਿਲ ਦਹਿਲਾਉਣ ਵਾਲੇ ਵੀਡੀਓ ਸਾਹਮਣੇ ਆਏ ਹਨ। ਵੀਡੀਓ ਵਿੱਚ ਖੁਲਾਸਾ ਹੋਇਆ ਹੈ ਕਿ ਫਗਵਾੜਾ ਦੇ ਪਿੰਡ ਉੱਚਾ ਦੇ ਨਿਰਮਲ ਕੁਮਾਰ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਹਨ। ਉੱਥੇ ਇਲਾਜ ਹੋ ਨਹੀਂ ਸਕਦਾ ਕਿਉਂਕਿ ਨਾ ਤਾਂ ਪੈਸੇ ਹਨ ਤੇ ਨਾ ਹੀ ਕੋਈ ਮੈਡੀਕਲ ਸਹੂਲਤ।
ਫਗਵਾੜਾ ਦੇ ਉੱਚਾ ਪਿੰਡ ਦਾ ਰਹਿਣ ਵਾਲਾ ਨਿਰਮਲ ਕੁਮਾਰ ਪਿਛਲੇ 28 ਸਾਲ ਤੋਂ ਸਉਦੀ ਦੀ ਉਸੇ ਕੰਪਨੀ ਵਿੱਚ ਕੰਮ ਕਰ ਰਿਹਾ ਹੈ ਜਿਸ ਵਿੱਚ ਹੁਣ ਉਹ ਫਸਿਆ ਹੈ। ਕਿਡਨੀਆਂ ਖਰਾਬ ਹੋ ਚੁੱਕੀਆਂ ਹਨ। ਇਲਾਜ ਕਰਵਾਉਣ ਵਾਸਤੇ ਪੈਸੇ ਨਹੀਂ। ਜਿੰਨਾ ਮਾੜਾ ਹਾਲ ਨਿਰਮਲ ਦਾ ਸਉਦੀ ਵਿੱਚ ਹੈ, ਉਸੇ ਤਰ੍ਹਾਂ ਦਾ ਹਾਲ ਪਰਿਵਾਰ ਦਾ ਵੀ ਹੈ। ਨਿਰਮਲ ਦੀ ਪਤਨੀ ਵੀ ਬੀਮਾਰ ਰਹਿੰਦੀ ਹੈ। ਜਦੋਂ ਤੋਂ ਨਿਰਮਲ ਨੂੰ ਤਨਖਾਹ ਮਿਲਣੀ ਬੰਦ ਹੋਈ ਪਰਿਵਾਰ ਨੇ ਇਲਾਜ ਵਾਸਤੇ ਕੁਝ ਪੈਸਾ ਲੋਕਾਂ ਤੋਂ ਉਧਾਰ ਲੈ ਕੇ ਬਾਹਰ ਭੇਜਿਆ ਤਾਂ ਕਿ ਜ਼ਿੰਦਗੀ ਬਚੀ ਰਹਿ ਸਕੇ। ਹੁਣ ਲੋਕ ਵੀ ਕਰਜ਼ਾ ਨਹੀਂ ਦਿੰਦੇ।
ਨਿਰਮਲ ਕੁਮਾਰ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਇੱਕ ਬੇਟਾ ਹੈ ਜਿਹੜਾ ਬੀਮਾਰ ਰਹਿੰਦਾ ਹੈ। ਉਹ ਵੀ ਕੋਈ ਕੰਮ ਨਹੀਂ ਕਰ ਰਿਹਾ। ਨਿਰਮਲ ਦੀ 90 ਸਾਲਾ ਮਾਂ ਕਹਿੰਦੀ ਹੈ ਕਿ ਵੇਖਿਆ ਨਹੀਂ ਜਾਂਦਾ ਜਿਵੇਂ ਮੁੰਡਾ ਲੋਕਾਂ ਵਿੱਚ ਪਿਆ ਹੈ। ਜੇ ਇੱਥੇ ਕੰਮ ਹੁੰਦਾ ਤਾਂ ਕਿਉਂ ਬਾਹਰ ਭੇਜਦੀ ਮੁੰਡੇ ਨੂੰ। ਸਉਦੀ ਵਿੱਚ ਫਸੇ ਪੰਜਾਬੀਆਂ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਰੋਟੀ ਖਾਣ ਨੂੰ ਵੀ ਪੈਸੇ ਨਹੀਂ। ਬਾਹਰੋਂ ਆਈ ਵੀਡੀਓ ਵਿੱਚ ਤਾਂ ਪੀੜਤ ਭਾਂਡੇ ਵੇਚਣ ਜਾਂਦੇ ਨਜ਼ਰ ਆ ਰਹੇ ਹਨ।
ਅਜਿਹੇ ਹਾਲਾਤ ਹੀ ਸਉਦੀ ਤੋਂ ਪਰਤੇ ਗੋਰਾਇਆ ਦੇ ਸੰਘ ਢੇਸੀਆਂ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਵੀ ਦੱਸੇ। ਸਉਦੀ ਵਿੱਚ ਫੰਸੇ ਜ਼ਿਆਦਾਤਰ ਪੰਜਾਬੀਆਂ ਦੀ ਹਾਲਤ ਬਹੁਤ ਮਾੜੀ ਹੈ। ਵੀਜ਼ਾ ਖਤਮ ਹੋਣ ਕਰਕੇ ਉਹ ਕੰਪਨੀ ਵਿੱਚੋਂ ਬਾਹਰ ਵੀ ਨਹੀਂ ਜਾ ਸਕਦੇ। ਇਹੋ ਮੰਗ ਹੈ ਕਿ ਸਰਕਾਰ ਵਾਪਸ ਭਾਰਤ ਮੰਗਵਾ ਲਵੇ ਤਾਂ ਜੋ ਆਪਣੇ ਪਰਿਵਾਰਾਂ ਨਾਲ ਰਹਿ ਸਕਣ।