ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਖਾਲਿਸਤਾਨ ਦੇ ਮੁੱਦੇ ਨਾਲ ਜੋੜਨ ਪਿੱਛੇ ਭਾਰਤੀ ਸੁਰੱਖਿਆ ਏਜੰਸੀਆਂ, ਕੁਝ ਮੀਡੀਆ ਅਦਾਰੇ ਤੇ ਸਾਬਕਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਜੀਕੇ ਨੇ ਕਿਹਾ ਹੈ ਕਿ ਦੇਸ਼ ’ਚ ਸਿੱਖਾਂ ਲਈ ਦੋ ਕਾਨੂੰਨ ਕੰਮ ਕਰ ਰਹੇ ਹਨ। ਸਿੱਖਾਂ ਨੂੰ ਹੋਰ ਲੋਕਾਂ ਤੋਂ ਵੱਖ ਨਜ਼ਰ ਨਾਲ ਵੇਖਣ ਦਾ ਰੁਝਾਨ ਚੱਲ ਰਿਹਾ ਹੈ। ਸਿੱਖਾਂ ਨੂੰ ਭਾਰਤੀ ਹੋਣ ’ਤੇ ਮਾਣ ਹੈ ਪਰ ਕੁਝ ਸਿੱਖ ਵਿਰੋਧੀ ਤਾਕਤਾਂ ਵਿਦੇਸ਼ੀ ਸਿੱਖਾਂ ਦੀ ਤਰੱਕੀ ਨੂੰ ਪਚਾ ਨਹੀਂ ਪਾ ਰਹੀਆਂ ਜਿਸ ਕਾਰਨ ਬਕਸੇ ’ਚ ਬੰਦ ਪਏ ਖਾਲਿਸਤਾਨ ਦੇ ਮੁੱਦੇ ਦਾ ਇਸਤੇਮਾਲ ਕਰਕੇ ਲੋਕਾਂ ਦਾ ਧਿਆਨ ਰਾਸ਼ਟਰਵਾਦ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀਕੇ ਨੇ ਟਰੂਡੋ ਦੇ ਭਾਰਤ ਦੌਰੇ ਦੌਰਾਨ ਉਨ੍ਹਾਂ ਦੇ ਹੋਏ ਅਪਮਾਣ ਲਈ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਸਮੂਹ ਸਿੱਖਾਂ ਵੱਲੋਂ ਟਰੂਡੋ ਤੋਂ ਮੁਆਫੀ ਵੀ ਮੰਗੀ। ਜੀਕੇ ਨੇ ਕਿਹਾ ਕਿ ਅਸੀਂ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਸਿੱਖਾਂ ਨੂੰ ਆਪਣੇ ਇੱਥੇ ਰੁਜ਼ਗਾਰ ਤੇ ਸਨਮਾਣ ਦੇਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਭਾਰਤ ’ਚ ਅਜਿਹਾ ਵਿਵਹਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਦੇਸ਼ ਦੀ ਸਰਹੱਦ ’ਤੇ ਗੋਲੀਬਾਰੀ ਕਰਨ ਵਾਲੇ ਪਾਕਿਸਤਾਨ ਨਾਲ ਮਿੱਤਰਤਾ ਨਿਭਾਉਣ ਲਈ ਪ੍ਰਧਾਨ ਮੰਤਰੀ ਬਿਨਾ ਬੁਲਾਏ ਮਹਿਮਾਨ ਵਜੋਂ ਪਾਕਿਸਤਾਨ ਚਲੇ ਜਾਂਦੇ ਹਨ ਤੇ ਡੋਕਲਾਮ ’ਚ ਅੱਖ ਵਿਖਾਉਣ ਵਾਲੇ ਚੀਨ ਦੇ ਰਾਸ਼ਟਰਪਤੀ ਨੂੰ ਵੀ ਗੁਜਰਾਤ ’ਚ ਪੰਘੂੜਾ ਝੁਲਾਉਂਦੇ ਹਨ ਪਰ ਸਿੱਖਾਂ ਨੂੰ ਵਿਦੇਸ਼ੀ ਧਰਤੀ ’ਤੇ ਸਨਮਾਣ ਦੇਣ ਵਾਲੇ ਟਰੂਡੋ ਦੇ ਭਾਰਤ ਦੌਰੇ ਨੂੰ ਖਰਾਬ ਕਰਨ ਦੀ ਹੜਬੜੀ ’ਚ ਸੁਰੱਖਿਆ ਏਜੰਸੀਆਂ ਖੁਦ ਹੀ ਬੇਨਕਾਬ ਹੋ ਜਾਂਦੀਆਂ ਹਨ। ਆਪਣੇ ਦਾਅਵੇ ਦੇ ਸਬੰਧੀ ਜੀਕੇ ਨੇ ਕਿਹਾ ਕਿ ਕੱਲ ਉਨ੍ਹਾਂ ਦੀ ਅਗਸਤ 2017 ’ਚ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਅਟਵਾਲ ਨਾਲ ਹੋਈ ਮੁਲਾਕਾਤ ਦੀ ਫੋਟੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਸਾਨੂੰ ਜਾਣਕਾਰੀ ਸੀ ਕਿ ਜੁਲਾਈ 2017 ’ਚ ਅਟਵਾਲ ਤੇ ਹੋਰ ਦੇ ਨਾਂ ਭਾਰਤ ਸਰਕਾਰ ਨੇ ਕਾਲੀ ਸੂਚੀ ਤੋਂ ਹਟਾਏ ਸਨ। ਇਸ ’ਚ ਦਿੱਲੀ ਕਮੇਟੀ ਨੇ ਵੱਡੀ ਭੂਮਿਕਾ ਨਿਭਾਈ ਸੀ ਪਰ ਅਟਵਾਲ ਦੇ ਨਾਲ ਮੇਰੀ ਫੋਟੋ ਵਾਇਰਲ ਕਰਨ ਪਿੱਛੇ ਕਿਸ ਦਾ ਕੀ ਮਕਸਦ ਹੋ ਸਕਦਾ ਹੈ, ਇਸੇ ਸੋਚ ਦੇ ਨਾਲ ਜਦੋਂ ਅਸੀਂ ਜਾਂਚ ਕੀਤੀ ਤਾਂ ਬਹੁਤ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ। ਜੀਕੇ ਨੇ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਕਿ ਅਟਵਾਲ ਨੇ 11 ਫਰਵਰੀ 2016 ਨੂੰ ਆਪਣੇ ਫੇਸਬੁੱਕ ਪੇਜ ’ਤੇ ਭਾਜਪਾ ਦੇ ਕੌਮੀ ਬੁਲਾਰੇ ਤੇ ਭਾਰਤ ਸਰਕਾਰ ਦੇ ਅਧਿਕਾਰਕ ਨੁਮਾਇੰਦੇ ਨਲਿਨ ਕੋਹਲੀ ਦੇ ਕੈਨੇਡਾ ਦੇ ਰੋਡੀਓ ‘‘ਮੀਡੀਆ ਵੈਬਸ’’ ਤੇ ਚਰਚਾ ’ਚ ਮਹਿਮਾਨ ਵਜੋਂ ਹਿੱਸਾ ਲੈਣ ਦੀ ਪੋਸਟ ਪਾਈ ਸੀ। ਇਸ ਮਗਰੋਂ 1 ਫਰਵਰੀ, 2017 ਨੂੰ ਅਟਵਾਲ ਦਿੱਲੀ ’ਚ ਸੀ। ਇਸ ਦੀ ਤਸਦੀਕ ਉਸ ਦਾ ਫੇਸਬੁੱਕ ਐਕਾਉਂਟ ਕਰ ਰਿਹਾ ਹੈ ਜਿਸ ’ਤੇ ਉਸਨੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ, ਲਾਲ ਕਿਲਾ, ਪੰਜ ਸਿਤਾਰਾ ਹੋਟਲ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਖੜ੍ਹੇ ਹੋ ਕੇ ਖਿੱਚਵਾਈਆ ਆਪਣੀ ਤਸਵੀਰਾਂ ਨੂੰ ਅਪਲੋਡ ਕੀਤਾ ਹੈ। ਇਸ ਮਗਰੋਂ ਜੁਲਾਈ 2017 ਨੂੰ ਅਟਵਾਲ ਫਿਰ ਭਾਰਤ ਆਇਆ ਸੀ। 10 ਜੁਲਾਈ 2017 ਨੂੰ ਅਟਵਾਲ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨਾਲ ਫੋਟੋ ਪਾਈ ਹੈ। ਇਸ ਤੋਂ ਬਾਅਦ 19 ਅਗਸਤ 2017 ਨੂੰ ਅਟਵਾਲ ਚੇਨਈ ਤੋਂ ਗੁਵਾਹਾਟੀ ਦੀ ਹਵਾਈ ਯਾਤਰਾ ਕਰਨ ਦਾ ਸਟੇਟਸ ਫੇਸਬੁੱਕ ’ਤੇ ਅਪਲੋਡ ਕਰਦਾ ਹੈ। 25 ਅਗਸਤ, 2017 ਨੂੰ ਅਟਵਾਲ ਦਿੱਲੀ ’ਚ ਵਿੱਤ ਮੰਤਰਾਲੇ, ਵਿਦੇਸ਼ ਮੰਤਰਾਲਾ ਤੇ ਇੰਡੀਆ ਗੇਟ ’ਚ ਭਾਰਤ ਦੇ ਚੰਗੇ ਲੋਕਾਂ ਨਾਲ ਮਿਲਣ ਦੀ ਜਾਣਕਾਰੀ ਦਿੰਦੇ ਹੋਏ ਫੋਟੋ ਪੋਸਟ ਕਰਦਾ ਹੈ। ਜੀਕੇ ਨੇ ਸਵਾਲ ਪੁੱਛਿਆ ਕਿ ਭਾਰਤ ਸਰਕਾਰ ਦੀ ਨਜ਼ਰ ’ਚ ਜੇਕਰ ਅਟਵਾਲ ਖਾਲਿਸਤਾਨੀ ਖਾੜਕੂ ਸੀ ਤਾਂ ਉਹ ਜੁਲਾਈ 2017 ਤੋਂ ਪਹਿਲਾ ਭਾਰਤ ਕਿਵੇਂ ਆਇਆ ਸੀ ? ਨਲਿਨ ਕੋਹਲੀ ਨਾਲ ਅਟਵਾਲ ਦੀ ਕੀ ਮਿੱਤਰਤਾ ਹੈ? ਸਖਤ ਸੁਰੱਖਿਆ ਪਹਿਰੇ ’ਚ ਰਹਿਣ ਵਾਲੇ ਲਾਲ ਕਿਲਾ, ਨਾਰਥ ਬਲਾਕ ਤੇ ਸਾਊਥ ਬਲਾਕ ’ਚ ਅਟਵਾਲ ਕਿਵੇਂ ਪਹੁੰਚਿਆ ਸੀ ? ਜੀਕੇ ਨੇ ਖਦਸਾ ਪ੍ਰਗਟਾਇਆ ਕਿ ਭਾਰਤੀ ਸੁਰੱਖਿਆ ਏਜੰਸੀਆਂ ਨੇ ਟਰੂਡੋ ਦੀ ਭਾਰਤ ਯਾਤਰਾ ਨੂੰ ਨਾਕਾਮਯਾਬ ਬਣਾਉਣ ਲਈ ਸਾਜ਼ਿਸ਼ ਰੱਚੀ ਸੀ ਤਾਂ ਕਿ ਟਰੂਡੋ ਦੀ ਸਰਕਾਰ ਨੂੰ ਖਾਲਿਸਤਾਨੀ ਸਮਰਥਕ ਦੱਸਿਆ ਜਾ ਸਕੇ।