ਅੰਮ੍ਰਿਤਸਰ: ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਅਖੌਤੀ ਧਰਮ ਗੁਰੂ ਰਾਧੇ ਮਾਂ ਦਾ ਕਹਿਣਾ ਹੈ ਕਿ ਉਹ ਸਪੈਸ਼ਲ ਰਾਧੇ ਮਾਂ ਹੈ ਤੇ ਪ੍ਰਮਾਤਮਾ ਦੇ ਬਹੁਤ ਕਰੀਬ ਹੈ। ਰਾਧੇ ਮਾਂ ਨੇ 'ਏਬੀਪੀ ਸਾਂਝਾ' ਦੇ ਪੱਤਰਕਰ ਰਾਜੀਵ ਸ਼ਰਮਾ ਨਾਲ ਖਾਸ ਗੱਲਬਾਤ ਦੌਰਾਨ ਆਪਣੀ ਆਉਣ ਵਾਲੀ ਫਿਲਮ ਬਾਰੇ ਵੀ ਖੁਲਾਸਾ ਕੀਤਾ ਤੇ ਕਿਹਾ ਕਿ ਉਹ ਜਲਦ ਆਪਣੀ ਜੀਵਨੀ 'ਤੇ ਬਣ ਰਹੀ ਫਿਲਮ ਵਿੱਚ ਨਜ਼ਰ ਆਵੇਗੀ।

ਰਾਧੇ ਮਾਂ ਅੱਜ ਅੰਮ੍ਰਿਤਸਰ ਵਿੱਚ ਆਈ ਸੀ ਜਿੱਥੋਂ ਉਹ ਮੁੰਬਈ ਲਈ ਰਵਾਨਾ ਹੋ ਗਈ। ਰਾਧੇ ਮਾਂ ਨੇ ਕੱਲ੍ਹ ਰਾਤ ਹਰਿਮੰਦਰ ਸਾਹਿਬ ਮੱਥਾ ਵੀ ਟੇਕਿਆ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਲੋਕਾਂ ਨੂੰ ਆਪਣੀ ਫਿਲਮ ਰਾਹੀਂ ਜਵਾਬ ਦੇਣਗੇ ਜਿਨ੍ਹਾਂ ਨੇ ਉਸ ਦੇ ਅਕਸ ਨੂੰ ਖ਼ਰਾਬ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਧੇ ਮਾਂ ਦੀ ਫਿਲਮ ਵਿੱਚ ਕਿਸੇ ਬਾਲੀਵੁੱਡ ਜਾਂ ਹੋਰ ਕਲਾਕਾਰ ਦੇ ਹੋਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਵੱਡਾ ਕਲਾਕਾਰ ਕੋਈ ਨਹੀਂ।

ਜਦੋਂ ਰਾਧੇ ਮਾਂ ਨੂੰ ਪੁੱਛਿਆ ਗਿਆ ਕਿ ਕੁਝ ਲੋਕ ਉਨ੍ਹਾਂ ਦੇ ਪਹਿਰਾਵੇ ਦਾ ਮਜ਼ਾਕ ਉਡਾਉਂਦੇ ਹਨ ਤੇ ਉਨ੍ਹਾਂ ਵਰਗੇ ਕੱਪੜੇ ਪਾ ਕੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਅਪਲੋਡ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਲੋਕ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਕਰਦੇ ਹਨ। ਰਾਧੇ ਮਾਂ ਨੇ ਕਿਹਾ ਕਿ ਉਹ ਇੱਕ ਸਟਾਈਲਿਸ਼ ਦੇਵੀ ਹੈ ਤੇ ਇੱਕ ਟਰੈਂਡ ਸੈੱਟਰ ਵੀ ਹੈ। ਉਸ ਨੂੰ ਚੰਗਾ ਲੱਗਦਾ ਹੈ ਕਿ ਲੋਕ ਉਸ ਨੂੰ ਫਾਲੋ ਕਰਦੇ ਹਨ।

ਬੀਤੇ ਦਿਨੀਂ ਮੀਡੀਆ ਵਿੱਚ ਉਨ੍ਹਾਂ ਦੇ ਡਿਪਰੈਸ਼ਨ ਵਿੱਚ ਜਾਣ ਦੀਆਂ ਖ਼ਬਰਾਂ ਬਾਰੇ ਉਨ੍ਹਾਂ ਕਿਹਾ ਕਿ ਹਾਂ ਉਹ ਪਿਛਲੇ ਦਿਨਾਂ ਵਿੱਚ ਕਾਫੀ ਪ੍ਰੇਸ਼ਾਨ ਸੀ ਤੇ ਡਿਪਰੈਸ਼ਨ ਦਾ ਸਾਹਮਣਾ ਕਰ ਰਹੀ ਸੀ ਪਰ ਹੁਣ ਹੌਲੀ-ਹੌਲੀ ਉਹ ਉਸ ਡਿਪ੍ਰੈਸ਼ਨ ਵਿੱਚੋਂ ਬਾਹਰ ਆ ਰਹੀ ਹੈ। ਰਾਧੇ ਮਾਂ ਨੇ ਡਾਲੀ ਬਿੰਦਰਾ ਤੇ ਸੁਰਿੰਦਰ ਮਿੱਤਲ 'ਤੇ ਇਲਜ਼ਾਮ ਲਾਇਆ ਕੇ ਇਨ੍ਹਾਂ ਦੋਹਾਂ ਲੋਕਾਂ ਵੱਲੋਂ ਉਸ ਖਿਲਾਫ ਕੀਤੇ ਗਏ ਪ੍ਰਚਾਰ ਕਰਕੇ ਹੀ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋਈ ਹੈ।