ਅੰਮ੍ਰਿਤਸਰ: ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਮਨਾਉਣ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਲ੍ਹਿਆਂਵਾਲੇ ਬਾਗ਼ ਵਿੱਚ 13 ਅਪ੍ਰੈਲ ਨੂੰ 100 ਸਾਲਾ ਸਮਾਗਮ ਨੂੰ ਸਮਰਪਿਤ ਭਾਰਤ ਸਰਕਾਰ ਵੱਲੋਂ ਕੌਮੀ ਪੱਧਰ 'ਤੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਬਤੌਰ ਮੁੱਖ ਮਹਿਮਾਨ ਪੁੱਜ ਰਹੇ ਹਨ। ਇਸ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਕਰਨਗੇ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਜਲ੍ਹਿਆਂਵਾਲੇ ਬਾਗ ਵਿੱਚ ਕਰਵਾਏ ਜਾਣ ਵਾਲੇ ਸਰਕਾਰੀ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸਮਾਰਕ ਸਮੇਤ ਚੱਪੇ ਚੱਪੇ ਦੀ ਸਫਾਈ ਕੀਤੀ ਜਾ ਰਹੀ ਹੈ। 13 ਅਪਰੈਲ ਨੂੰ ਸਵੇਰੇ ਸਾਢੇ ਅੱਠ ਵਜੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਪੁੱਜਣਗੇ। ਉਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਜਾਣਕਾਰੀ ਮੁਤਾਬਕ 12 ਅਪਰੈਲ ਦੀ ਸ਼ਾਮ ਨੂੰ ਸ਼ਹਿਰ ਦੇ ਹਾਲ ਗੇਟ ਤੋਂ ਜਲ੍ਹਿਆਂਵਾਲੇ ਬਾਗ ਤੱਕ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਵਿੱਚ ਰਾਹੁਲ ਗਾਂਧੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਜਥੇਬੰਦੀਆਂ ਵੀ ਇਸ ਵਿੱਚ ਸ਼ਿਰਕਤ ਕਰਨਗੀਆਂ।

ਜੱਲ੍ਹਿਆਂਵਾਲੇ ਬਾਗ ਦੇ ਗਰਾਊਂਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਤੇ ਇੱਕ ਗਰਾਊਂਡ ਵਿੱਚ ਪੰਡਾਲ ਨੂੰ ਲਾਇਆ ਗਿਆ ਹੈ ਜਿੱਥੇ ਮੁੱਖ ਸਮਾਗਮ ਹੋਵੇਗਾ। ਦੂਸਰੀ ਗਰਾਊਂਡ ਵਿੱਚ ਮੀਡੀਆ ਲਈ ਸਥਾਨ ਤੈਅ ਕੀਤਾ ਗਿਆ ਹੈ। ਸਮਾਗਮ ਵਿੱਚ ਦੇਸ਼ ਦੇ ਉਪ ਰਾਸ਼ਟਰਪਤੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਵੱਖ-ਵੱਖ ਸਮਿਆਂ 'ਤੇ ਆਉਣਗੇ। ਇਸ ਕਰਕੇ ਸੁਰੱਖਿਆ ਦੇ ਇੰਤਜ਼ਾਮ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਐਸਪੀਜੀ ਦੇਖ ਰਹੀ ਹੈ। ਇਸ ਮੌਕੇ ਬੀਐਸਐਫ ਵੱਲੋਂ ਪਰੇਡ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ।