ਜੇਲ੍ਹ 'ਚ ਛੇ ਘੰਟੇ ਚੱਲੀ ਰੇਡ, ਮਿਲੇ ਸਿਰਫ਼ 4 ਮੋਬਾਈਲ ਤੇ ਦੋ ਚਾਰਜਰ
ਏਬੀਪੀ ਸਾਂਝਾ | 08 May 2018 01:53 PM (IST)
ਫ਼ਰੀਦਕੋਟ: ਪੰਜਾਬ ਦੀ ਨਵੀਂ ਬਣੀ ਮਾਡਰਨ ਜੇਲ੍ਹ ਫ਼ਰੀਦਕੋਟ ਵਿੱਚ ਸੋਮਵਾਰ ਦੇਰ ਰਾਤ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਚਾਰ ਮੋਬਾਈਲ ਤੇ ਦੋ ਚਾਰਜਰ ਬਰਾਮਦ ਹੋਏ। ਜਿਨ੍ਹਾਂ ਕੈਦੀਆਂ ਕੋਲੋਂ ਇਹ ਸਾਮਾਨ ਬਰਾਮਦ ਹੋਇਆ, ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ ਪਰ ਜੇਲ੍ਹ ਮੰਤਰੀ ਵੱਲੋਂ ਕੀਤੇ ਦਾਅਵੇ ਦੇ ਉਲਟ ਹਾਲੇ ਤਕ ਜੇਲ੍ਹ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਲਾਰੇਂਸ ਬਿਸ਼ਨੋਈ ਗੈਂਗ ਦੇ ਮੈਂਬਰ ਇਸੇ ਜੇਲ੍ਹ ਵਿੱਚ ਆਪਣੇ ਸਾਥੀ ਦਾ ਜਨਮ ਦਿਨ ਮਨਾ ਚੁੱਕੇ ਹਨ ਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਵੀ ਮਾਡਰਨ ਜੇਲ੍ਹ ਅੰਦਰੋਂ ਫੇਸਬੁਕ ’ਤੇ ਲਾਈਵ ਹੋਇਆ ਸੀ। ਛਾਪੇਮਾਰੀ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਜਸਤਿੰਦਰ ਸਿੰਘ ਨੇ ਦੱਸਿਆ ਕਿ ਛੇ ਘੰਟੇ ਲੰਮੀ ਚੱਲੀ ਇਸ ਛਾਪੇਮਾਰੀ ਦੌਰਾਨ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ਉਕਤ ਪਾਬੰਦੀਸ਼ੁਦਾ ਵਸਤੂਆਂ ਜੇਲ੍ਹ ਵਿੱਚੋਂ ਬਰਾਮਦ ਕੀਤੀਆਂ ਹਨ। ਉਨ੍ਹਾਂ ਮੁਲਜ਼ਮ ਕੈਦੀਆਂ 'ਤੇ ਕਾਰਵਾਈ ਦੀ ਪੁਸ਼ਟੀ ਤਾਂ ਕੀਤੀ ਪਰ ਜੇਲ੍ਹ ਅਧਿਕਾਰੀਆਂ ਵਿਰੁੱਧ ਕਿਸੇ ਕਿਸਮ ਦੀ ਕਾਰਵਾਈ ਬਾਰੇ ਨਹੀਂ ਦੱਸਿਆ। ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਹੁਣ ਤਕ ਪੰਜਾਬ ਦੀਆਂ ਕੁੱਲ ਚਾਰ ਜੇਲ੍ਹਾਂ ਦੀ ਛਾਣਬੀਣ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚੋਂ ਨਾਭਾ ਜੇਲ੍ਹ ਵਿੱਚ ਛਾਪੇਮਾਰੀ ਹੋਣ ਦੀ ਕੰਨਸੋਅ ਲੱਗਣ ਕਾਰਨ ਇਸ ਦੇ ਅਸਫਲ ਰਹਿਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਦਕਿ, ਸੰਗਰੂਰ ਜੇਲ੍ਹ ਵਿੱਚ ਕੋਈ ਇਤਰਾਜ਼ਯੋਗ ਵਸਤੂ ਨਹੀਂ ਬਰਾਮਦ ਕੀਤੀ ਗਈ। ਜੇਲ੍ਹ ਮੰਤਰੀ ਨੇ ਗੁਰਦਾਸਪੁਰ ਜੇਲ੍ਹ ਵਿੱਚੋਂ 9 ਮੋਬਾਈਲ ਮਿਲਣ ਕਾਰਨ ਉੱਥੋਂ ਦੇ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੰਤਰੀ ਸੁਖਜਿੰਦਰ ਰੰਧਾਵਾ ਆਪਣੀ ਜ਼ੀਰੋ ਟੌਲਰੈਂਸ ਨੀਤੀ ਤਹਿਤ ਫ਼ਰੀਦਕੋਟ ਮਾਡਰਨ ਜੇਲ੍ਹ ਦੇ ਅਧਿਕਾਰੀਆਂ ਵਿਰੁੱਧ ਕੀ ਕਾਰਵਾਈ ਕਰਦੇ ਹਨ।