Punjab Weather Update: ਪੰਜਾਬ ਵਿੱਚ ਬੇਮੌਸਮੇ ਮੀਂਹ, ਗੜ੍ਹਿਆਂ ਤੇ ਤੇਜ਼ ਹਵਾਵਾਂ ਨੇ ਫਸਲਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਕਣਕ ਦੀਆਂ ਨਿੱਸਰੀਆਂ ਫਸਲਾਂ ਖੇਤਾਂ ਵਿੱਚ ਵਿੱਛ ਗਈਆਂ ਹਨ। ਕਿਸਾਨਾਂ ਨੂੰ ਡਰ ਹੈ ਕਿ ਇਸ ਨਾਲ ਝਾੜ ਉਪਰ ਕਾਫੀ ਅਸਰ ਪਏਗਾ। ਇਸ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਫ਼ਸਲਾਂ ਦੇ ਖਰਾਬੇ ਲਈ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ। ਉਧਰ, ਖੇਤੀਬਾੜੀ ਵਿਭਾਗ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁਕਸਾਨ ਦੀਆਂ ਰਿਪੋਰਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। 


ਖੇਤੀਬਾੜੀ ਮਹਿਕਮੇ ਨੇ ਆਖੀ ਆਹ ਗੱਲ


ਖੇਤੀਬਾੜੀ ਮਹਿਕਮੇ ਦਾ ਕਹਿਣਾ ਹੈ ਕਿ ਬਾਰਸ਼ ਨਾਲ ਕਣਕ ਦੀ ਫਸਲ ਵਿੱਛਣ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਦਾ ਮੁਆਇਨਾ ਕਰਨ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗੇਗਾ। ਉਂਝ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਪਾਰਾ ਨਾ ਚੜ੍ਹਿਆ ਤਾਂ ਝਾੜ ਉਪਰ ਜ਼ਿਆਦਾ ਅਸਰ ਨਹੀਂ ਪਏਗਾ। 


ਪੰਜਾਬ ਦੇ ਕਈ ਇਲਾਕਿਆਂ 'ਚ ਚਲੀਆਂ ਤੇਜ਼ ਹਵਾਵਾਂ


ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ, ਮੁਕੇਰੀਆ, ਜਲੰਧਰ ਤੇ ਹੋਰਨਾਂ ਇਲਾਕਿਆਂ ਵਿੱਚ ਸ਼ਨੀਵਾਰ ਤੋਂ ਹੀ ਤੇਜ਼ ਹਵਾਵਾਂ ਤੋਂ ਇਲਾਵਾ ਗੜਿਆਂ ਨੇ ਪੱਕਣ ਨੇੜੇ ਪਹੁੰਚੀ ਕਣਕ ਦੀ ਫਸਲ ਖੇਤਾਂ ’ਚ ਵਿਛਾ ਦਿੱਤੀ। ਉਧਰ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਤੇ ਮੀਂਹ ਪੈ ਰਿਹਾ ਹੈ। ਪੰਜਾਬ ਵਿੱਚ ਵਿਗੜੇ ਮੌਸਮ ਕਰਕੇ ਕਣਕ ਦੇ ਨਾਲ-ਨਾਲ ਸਬਜ਼ੀਆਂ ਦੀ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। 


ਇਹ ਵੀ ਪੜ੍ਹੋ: Ludhiana news: ਲੁਧਿਆਣਵੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਸਕੂਲ ਆਫ਼ ਐਮੀਨੈਂਸ ਦਾ ਕੀਤਾ ਉਦਘਾਟਨ, ਮਿਲਣਗੀਆਂ ਆਹ ਸਹੂਲਤਾਂ


ਅੱਜ ਵੀ ਕਈ ਇਲਾਕਿਆਂ 'ਚ ਪਿਆ ਮੀਂਹ


ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ 9 ਐਮਐਮ, ਅੰਮ੍ਰਿਤਸਰ ਵਿੱਚ 13.3 ਐਮਐਮ, ਲੁਧਿਆਣਾ ਵਿੱਚ 8.2 ਐਮਐਮ, ਪਟਿਆਲਾ ਵਿੱਚ 8.3 ਐਮਐਮ, ਪਠਾਨਕੋਟ ਵਿੱਚ 4.4 ਐਮਐਮ, ਗੁਰਦਾਸਪੁਰ ਵਿੱਚ 6 ਐਮਐਮ, ਨਵਾਂਸ਼ਹਿਰ ਵਿੱਚ 6.6 ਐਮਐਮ, ਫਤਹਿਗੜ੍ਹ ਸਾਹਿਬ ਵਿੱਚ 7.5 ਐਮਐਮ, ਫਿਰੋਜ਼ਪੁਰ ਵਿੱਚ 4 ਐਮਐਮ, ਜਲੰਧਰ ਵਿੱਚ 19 ਐਮਐਮ, ਮੋਗਾ ਵਿੱਚ 2 ਐਮਐਮ, ਰੋਪੜ ਵਿੱਚ 5 ਐਮਐਮ ਮੀਂਹ ਪਿਆ। ਅੱਜ ਵੀ ਸਵੇਰ ਤੋਂ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।


ਇਹ ਵੀ ਪੜ੍ਹੋ: Punjab News: 'ਪੰਜਾਬ ਦੇ ਮੋਢਿਆ 'ਤੇ ਬੰਦੂਖ....,MSP ਭਾਲਦੇ ਦੂਜੇ ਸੂਬੇ ਤਾਂ ਡਾਂਗਾਂ ਖਾ ਰਹੇ ਨੇ ਪੰਜਾਬੀ'