ਚੰਡੀਗੜ੍ਹ : ਮੰਗਲਵਾਰ ਰਾਤ ਅਤੇ ਬੁੱਧਵਾਰ ਸਵੇਰੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਬਾਰਿਸ਼ ਨਾਲ ਸਮੋਗ ਵਿਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਘੱਟ ਹੋ ਗਿਆ। ਬੁੱਧਵਾਰ ਨੂੰ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 190 ਰਿਕਾਰਡ ਕੀਤਾ ਗਿਆ ਜੋ ਇਕ ਹਫ਼ਤੇ ਤੋਂ 360 ਤੋਂ 400 ਦੇ ਆਸਪਾਸ ਚੱਲ ਰਿਹਾ ਸੀ।
ਲੁਧਿਆਣਾ ਸਥਿਤ ਪੰਜਾਬ ਖੇਤੀ ਯੂਨੀਵਰਸਿਟੀ ਦੀ ਸੀਨੀਅਰ ਐਗਰੋਮੈਟ੫ੋਲਾਜਿਸਟ ਡਾ. ਪ੍ਰਭਜੋਤ ਕੌਰ ਸਿੱਧੂ ਨੇ ਕਿਹਾ ਕਿ ਅਜੇ ਵੈਸਟਰਨ ਡਿਸਟਰਬੈਂਸ ਕਾਰਨ ਲੋ ਪ੍ਰੈਸ਼ਰ ਬਣਿਆ ਹੋਇਆ ਹੈ। ਵੀਰਵਾਰ ਨੂੰ ਵੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ। ਲਗਾਤਾਰ ਬਾਰਿਸ਼ ਹੁੰਦੀ ਰਹੀ ਤਾਂ ਹਵਾ ਵਿਚ ਮੌਜੂਦ ਪ੍ਰਦੂਸ਼ਿਤ ਕਣ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ।
ਉਧਰ, ਤਾਪਮਾਨ ਵਿਚ ਵੀ ਇਕ ਤੋਂ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਸਰੇ ਪਾਸੇ ਬਾਰਿਸ਼ ਕਾਰਨ ਮੰਡੀਆਂ ਵਿਚ ਖੱੁਲੇ ਵਿਚ ਪਿਆ ਝੋਨਾ ਭਿੱਜ ਗਿਆ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ। ਖੇਤੀ ਵਿਭਾਗ ਅਨੁਸਾਰ ਆਗਾਮੀ ਕਣਕ ਦੀ ਫ਼ਸਲ ਦੀ ਬਿਜਾਈ ਲਈ ਇਹ ਬਾਰਿਸ਼ ਫ਼ਾਇਦੇਮੰਦ ਸਾਬਿਤ ਹੋਵੇਗੀ।