ਜਲੰਧਰ: ਜਲੰਧਰ-ਕਪੂਰਥਲਾ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਐਤਵਾਰ ਦੇਰ ਰਾਤ ਤੋਂ ਤੇਜ਼ ਹਵਾਵਾਂ ਦੇ ਨਾਲ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਐਤਵਾਰ ਨੂੰ ਵੀ ਬੱਦਲ ਰਹਿਣ ਕਾਰਨ ਤਾਪਮਾਨ ਘਟ ਗਿਆ ਸੀ। ਐਤਵਾਰ ਰਾਤ ਮੀਂਹ ਪੈਣਾ ਸ਼ੁਰੂ ਹੋਇਆ ਸੀ। ਜਲੰਧਰ-ਫਗਵਾੜਾ ਵਿੱਚ ਕਈ ਥਾਈਂ ਰੁਕ-ਰੁਕ ਕੇ ਤੇਜ਼ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਤਾਪਮਾਨ ਡਿੱਗਿਆ ਹੈ ਜਿਸ ਕਾਰਨ ਠੰਢ ਥੋੜੀ ਵਧ ਗਈ ਹੈ। ਚੰਡੀਗੜ੍ਹ ਮੁਹਾਲੀ ਵਿੱਚ ਵੀ ਭਰਵੀਂ ਬਾਰਸ਼ ਹੋਈ।


ਮੌਸਮ ਵਿਭਾਗ ਨੇ ਸੋਮਵਾਰ ਤੇ ਮੰਗਲਵਾਰ ਨੂੰ ਉੱਤਰੀ ਭਾਰਤ ਵਿੱਚ ਤੂਫਾਨ ਦੇ ਨਾਲ ਮੀਂਹ ਪੈਣ ਦਾ ਖਦਸ਼ਾ ਪ੍ਰਗਟਾਇਆ ਸੀ। ਮੌਸਮ ਵਿਗਿਆਨੀਆਂ ਮੁਤਾਬਕ ਅਫਗਾਨਿਸਤਾਨ ਦੇ ਕੇਂਦਰ ਵਿੱਚ ਪੱਛਮੀ ਗੜਬੜੀ ਕਾਰਨ ਉੱਤਰੀ ਭਾਰਤ ਵਿੱਚ ਪੀਂਹ ਪੈ ਰਿਹਾ ਹੈ। ਅਗਲੇ 24 ਘੰਟੇ ਵੀ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਵਿੱਚ ਸੋਮਵਾਰ ਨੂੰ ਬਰਫ ਪੈਣ ਦੀ ਭਵਿੱਖਵਾਣੀ ਵੀ ਕੀਤੀ ਸੀ। ਅੱਜ ਸਵੇਰ ਤੋਂ ਸ਼ਿਮਲਾ ਤੇ ਜੰਮੂ-ਕਸ਼ਮੀਰ ਵਿੱਚ ਹਲਕੀ ਬਰਫ ਪੈ ਰਹੀ ਹੈ।