ਫ਼ਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਮੱਲਾਂਵਾਲਾ 'ਚ ਲੰਮੇ ਸਮੇਂ ਤੋਂ ਵਸਦੇ ਫ਼ੌਜੀ ਦੇ ਪਰਿਵਾਰ ਨੂੰ ਉਸ ਦੇ ਘਰ ਦੀ ਭੰਨ-ਤੋੜ ਕਰਨ ਤੇ ਉਨ੍ਹਾਂ ਦੀ ਕਾਰ ਨੂੰ ਅੱਗ ਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇਹ ਜ਼ਮੀਨੀ ਵਿਵਾਦ ਉਦੋਂ ਹਿੰਸਕ ਹੋ ਗਿਆ ਜਦ ਕੁਝ ਲੋਕਾਂ ਨੇ ਉਕਤ ਪਰਿਵਾਰ ਦੇ ਘਰ ਦੀਆਂ ਕੰਧਾਂ ਢਾਹ ਦਿੱਤੀਆਂ ਤੇ ਉਨ੍ਹਾਂ ਦੀ ਕਾਰ ਨੂੰ ਅੱਗ ਲਾ ਦਿੱਤੀ। ਜਿੱਥੇ ਇਹ ਘਰ ਹੈ ਉਸ ਦੇ ਦੋਵਾਂ ਪਾਸੇ ਗਲੀਆਂ ਹਨ। ਪਰਿਵਾਰ ਮੁਤਾਬਕ ਇਲਾਕੇ ਦਾ ਕਾਂਗਰਸੀ ਆਗੂ ਸ਼ਹਿ ਦੇ ਕੇ ਉਨ੍ਹਾਂ ਦੇ ਘਰ ਵਿੱਚੋਂ ਆਪਣਾ ਰਸਤਾ ਬਣਾ ਕੇ ਗਲੀਆਂ ਨੂੰ ਜੋੜਨਾ ਚਾਹੁੰਦਾ ਹੈ।


ਫ਼ੌਜੀ ਨਿਸ਼ਾਨ ਸਿੰਘ ਦੇ ਪਰਿਵਾਰਕ ਮੈਂਬਰ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ 'ਤੇ ਹੀ ਕੇਸ ਦਰਜ ਕਰਵਾ ਦਿੱਤਾ। ਪਰਿਵਾਰ ਨੇ ਆਪਣੇ ਹੱਕ ਵਿੱਚ ਅਦਾਲਤ ਦੇ ਸਟੇਅ ਆਰਡਰ ਹਾਸਲ ਹੋਣ ਦਾ ਦਾਅਵਾ ਕੀਤਾ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਤੇ ਪਿੱਛੋਂ ਵਿਰੋਧੀਆਂ ਨੇ ਭੰਨ ਤੋੜ ਤੇ ਅੱਗਜ਼ਨੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਫ਼ੌਜੀ ਦੇ ਪਰਿਵਾਰ ਵਿਰੁੱਧ ਈ.ਓ. ਨਗਰ ਕੌਂਸਲ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਨ ਦਾ ਦਾਅਵਾ ਕਰਦਿਆਂ ਪੁਲਿਸ ਨੇ ਮੰਨਿਆ ਕਿ ਨਿਸ਼ਾਨ ਸਿੰਘ ਕੋਲ ਅਦਾਲਤ ਦਾ ਸਟੇਅ ਹੈ। ਪੁਲਿਸ ਅਧਿਕਾਰੀ ਈ.ਓ. ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਨ ਦੀ ਤਾਂ ਗੱਲ ਕਰਦੇ ਹਨ, ਘਰ ਤੋੜਣ ਤੇ ਅੱਗ ਲਾਉਣ ਦੇ ਮਾਮਲੇ ਦੀ ਦਰਖਾਸਤ ਮਿਲਣ 'ਤੇ ਹੀ ਕਾਰਵਾਈ ਕਰਨ ਦਾ ਰਾਗ ਅਲਾਪ ਰਹੇ ਹਨ।

ਆਪਣੇ 'ਤੇ ਲੱਗੇ ਇਲਜ਼ਾਮਾਂ ਨਕਾਰਦਿਆਂ ਪਿੰਡ ਦੇ ਸਰਪੰਚ ਸਾਕਾ ਸਿੰਘ ਨੇ ਆਖਿਆ ਕਿ ਇਹ ਜਗ੍ਹਾ ਸਰਕਾਰੀ ਹੈ। ਇੱਥੇ ਇਹ ਲੋਕਾਂ ਨੇ ਹੀ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਸ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਜ਼ੋਰ ਜ਼ਬਰਦਸਤੀ ਨਹੀਂ ਹੋਈ, ਸਗੋਂ ਇਨ੍ਹਾਂ ਨੇ ਹੀ ਕੀਤੀ ਹੈ।