ਚੰਡੀਗੜ੍ਹ: ਪੰਜਾਬ ਸਣੇ ਉੱਤਰੀ ਭਾਰਤ ਵਿੱਚ ਅੱਜ ਵੀ ਬਾਰਸ਼ ਜਾਰੀ ਰਹੀ। ਇਸ ਬਾਰਸ਼ ਨਾਲ ਦਿਨ ਦਾ ਤਾਪਮਾਨ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਛੇ ਤੋਂ ਅੱਠ ਜਨਵਰੀ ਤੱਕ ਬਾਰਸ਼ ਹੋਏਗੀ। ਅੱਜ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਪਿਆ। ਮੌਸਮ ਵਿਭਾਗ ਦੇ ਕਹਿਣਾ ਹੈ ਕਿ ਵੀਰਵਾਰ ਤੋਂ ਬਾਅਦ ਮੌਸਮ ਸਾਫ਼ ਰਹਿਣ ਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ।

ਉਧਰ, ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਹ ਮੀਂਹ ਕਣਕ ਤੇ ਸਾਉਣੀ ਦੀਆਂ ਹੋਰ ਫ਼ਸਲਾਂ ਲਈ ਲਾਹੇਵੰਦ ਹੈ। ਪੰਜਾਬ ਵਿੱਚ ਕਣਕ ਦੀ ਬਜਾਈ ਹੋ ਚੁੱਕੀ ਹੈ ਤੇ ਇਹ ਬਾਰਸ਼ ਕਣਕ ਲਈ ਘਿਉ ਦਾ ਕੰਮ ਕਰੇਗੀ। ਉਂਝ ਬਾਰਸ਼ ਨਾਲ ਕੁਝ ਇਲਾਕਿਆਂ ਵਿੱਚ ਸਬਜ਼ੀਆਂ ਦਾ ਨੁਕਸਾਨ ਹੋ ਸਕਦਾ ਹੈ ਪਰ ਇਸ ਸਬੰਧੀ ਅਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ।

ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੰਗਲਵਾਰ ਦੁਪਹਿਰ ਤੱਕ ਪੰਜਾਬ ਦੇ ਸ਼ਹਿਰਾਂ ਵਿੱਚ ਜੋ ਬਾਰਸ਼ ਰਿਕਾਰਡ ਕੀਤੀ ਗਈ, ਉਸ ਮੁਤਾਬਕ ਬਠਿੰਡਾ ਵਿੱਚ 20 ਮਿਲੀਮੀਟਰ ਤੋਂ ਜ਼ਿਆਦਾ ਬਾਰਸ਼ ਹੋਈ। ਇਸੇ ਤਰ੍ਹਾਂ ਫਰੀਦਕੋਟ ਵਿੱਚ 15 ਮਿਲੀਮੀਟਰ, ਕਪੂਰਥਲਾ ਵਿੱਚ 15 ਮਿਲੀਮੀਟਰ, ਅੰਮ੍ਰਿਤਸਰ ਵਿੱਚ 4.2 ਮਿਲੀਮੀਟਰ, ਲੁਧਿਆਣਾ ਵਿੱਚ 8, ਪਟਿਆਲਾ ਵਿੱਚ 8.7, ਪਠਾਨਕੋਟ ਵਿੱਚ 6, ਗੁਰਦਾਸਪੁਰ 7.6, ਰੋਪੜ 7, ਤਰਨਤਾਰਨ 6, ਮੋਗਾ 5.4, ਅਬੋਹਰ 5, ਸੰਗਰੂਰ 9.4, ਸੁਨਾਮ 7.8, ਮਾਨਸਾ 7.6 ਅਤੇ ਜਗਰਾਉਂ ਵਿੱਚ 6.6 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ।

ਮੌਸਮ ਵਿਭਾਗ ਦਾ ਦੱਸਣਾ ਹੈ ਕਿ ਬਾਰਸ਼ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਵੀ ਤਬਦੀਲੀ ਆਈ ਹੈ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 5.6 ਡਿਗਰੀ ਤੇ ਵੱਧ ਤੋਂ ਵੱਧ 11 ਡਿਗਰੀ ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿੱਚ ਘੱਟ ਤੋਂ ਘੱਟ 10.2 ਤੇ ਵੱਧ ਤੋਂ ਵੱਧ 14 ਡਿਗਰੀ, ਪਠਾਨਕੋਟ ਦਾ ਵੱਧ ਤੋਂ ਵੱਧ 10.3 ਤੇ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਰਿਕਾਰਡ ਕੀਤਾ ਗਿਆ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 9.6 ਅਤੇ ਘੱਟ ਤੋਂ ਘੱਟ 11.6 ਡਿਗਰੀ ਰਿਹਾ।