ਚੰਡੀਗੜ੍ਹ: ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਆਪਣੇ ਘਰ ਉੱਤਰ ਪ੍ਰਦੇਸ਼ ਦੇ ਸਾਬਕਾ ਗੈਂਗਸਟਰ ਰਾਜਾ ਭਈਆ ਦੀ ਆਓ ਭਗਤ ਕਰਨ ਦਾ ਮੁੱਦਾ ਅੱਜ ਵਿਧਾਨ ਸਭਾ ਵਿੱਚ ਵੀ ਉੱਠਿਆ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਸਦਨ ਤੋਂ ਵਾਕਆਊਟ ਕੀਤਾ। ਇਸ ਬਾਰੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਕਿਹਾ ਹੈ, "ਰਾਜਾ ਭਈਆ ਮੇਰੇ ਫਾਰਮ ਹਾਊਸ 'ਤੇ ਘੋੜੇ ਦੇਖਣ ਆਇਆ ਸੀ। ਉਹ ਸੁਖਬੀਰ ਬਾਦਲ ਤੇ ਮਜੀਠੀਆ ਕੋਲ ਵੀ ਗਏ ਸੀ। ਬੱਸ ਮੇਰੀ ਫੋਟੋ ਆ ਗਈ ਤੇ ਹੁਣ ਅਕਾਲੀ ਦਲ ਵਾਲੇ ਰੌਲਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹੀ ਸਾਰੇ ਗੈਂਗਸਟਰ ਪੈਦਾ ਕੀਤੇ ਹਨ। ਕਾਬਲੇਗੌਰ ਹੈ ਕਿ ਪਿਛਲੇ ਦਿਨੀਂ ਕੁਸ਼ਲਦੀਪ ਢਿੱਲੋਂ ਦੀ ਰਾਜਾ ਭਾਇਆ ਨਾਲ ਫੋਟੋ ਵਾਇਰਲ ਹੋਈ ਸੀ। ਰਾਜਾ ਭਈਆ ਉਨ੍ਹਾਂ ਦੇ ਰਿਹਾਇਸ਼ 'ਤੇ ਆਇਆ ਸੀ। ਉਨ੍ਹਾਂ ਨੇ ਖੁਦ ਹੀ ਰਾਜਾ ਭਈਆ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਪਾਈ ਸੀ।