ਉਨ੍ਹਾਂ ਕਿਹਾ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਇਹ ਸਾਰੀ ਸਾਜ਼ਿਸ਼ ਰਚੀ ਸੀ। ਨਿਰੰਕਾਰੀ ਭਵਨ 'ਚ ਸੁੱਟਿਆ ਗ੍ਰਨੇਡ ਪਾਕਿਸਤਾਨੀ ਆਰਡੀਨੈਂਸ ਫੈਕਟਰੀ ਵਿੱਚ ਬਣਿਆ ਸੀ। ਉਨ੍ਹਾਂ ਕਿਹਾ ਕਿ ਹਮਲੇ ਪਿੱਛੇ ਹੈਪੀ ਪੀਐਚਡੀ ਦਾ ਹੱਥ ਸੀ ਜੋ ਪਾਕਿਸਤਾਨ ਬੈਠਾ ਹੈ। ਉਸ ਨੇ ਹੀ ਹਮਲੇ ਲਈ ਪੈਸੇ ਭੇਜੇ ਸੀ। ਹੈਪੀ ਪੀਐਚਡੀ ਪਟਿਆਲਾ ਤੋਂ ਅਸਲੇ ਨਾਲ ਗ੍ਰਿਫਤਾਰ ਸ਼ਬਨਮਦੀਪ ਸਿੰਘ ਦੇ ਵੀ ਸੰਪਰਕ ਵਿੱਚ ਸੀ। ਉਸ ਨੇ ਹੀ ਹਮਲੇ ਲਈ ਗ੍ਰਨੇਡ ਤੇ ਪੈਸੇ ਮੁਹੱਈਆ ਕਰਵਾਏ ਸੀ।
ਕੈਪਟਨ ਨੇ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਇਹ ਨਿਰੋਲ ਅੱਤਵਾਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਤੇ ਆਈਐਸਆਈ ਭੋਲੇਭਾਲੇ ਨੌਜਵਾਨਾਂ ਨੂੰ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨੌਜਵਾਨ ਪਹਿਲਾਂ ਕਿਸੇ ਅਪਰਾਥਕ ਕਾਰਵਾਈ ਵਿੱਚ ਸ਼ਾਮਲ ਨਹੀਂ ਸਨ।
ਯਾਦ ਰਹੇ ਹਰਮੀਤ ਸਿੰਘ ਉਰਫ ਪੀਐਚਡੀ ਉਰਫ ਹੈਪੀ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦੇ ਖਾਲਿਸਤਾਨ ਪੱਖੀਆਂ ਤੇ ਪਾਕਿ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਸਬੰਧ ਦੱਸੇ ਜਾਂਦੇ ਹਨ। ਹਰਮੀਤ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਹੈ। ਉਹ ਇੱਕ ਕ੍ਰਿਮੀਨਲ ਕੇਸ ਵਿੱਚ ਫਸ ਗਿਆ ਸੀ ਜਿਸ ਮਗਰੋਂ ਵਿਦੇਸ਼ ਦੌੜ ਗਿਆ ਸੀ।