ਚੰਡੀਗੜ੍ਹ: ਪੰਜਾਬ ਪੁਲਿਸ ਨੇ ਰਾਜਾਸਾਂਸੀ ਨਿਰੰਕਾਰੀ ਭਵਨ 'ਚ ਧਮਾਕੇ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ 15 ਵਿਅਕਤੀ ਹਿਰਾਸਤ ਵਿੱਚ ਲਏ ਸੀ ਜਿਨ੍ਹਾਂ ਤੋਂ ਪੁੱਛਗਿੱਛ ਮਗਰੋਂ ਅਸਲੀਅਤ ਸਾਹਮਣੇ ਆਈ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਰ ਵਜੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕਰਨਗੇ।
ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਸ਼ੱਕੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਦੇ ਤਾਰ ਨਿਰੰਕਾਰੀ ਭਵਨ 'ਚ ਗ੍ਰਨੇਡ ਸੁੱਟਣ ਨਾਲ ਜੁੜੇ ਹਨ। ਇਸ ਦੇ ਦੂਜੇ ਸਾਥੀ ਦੀ ਭਾਲ ਜਾਰੀ ਹੈ। ਹੁਣ ਤੱਕ ਦੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਪਾਕਿ ਖੁਫੀਆ ਏਜੰਸੀਆ ਏਐਸਆਈ ਨੇ ਸਥਾਨਕ ਨੌਜਵਾਨਾਂ ਜ਼ਰੀਏ ਕਰਵਾਇਆ ਹੈ।
ਸੂਤਰਾਂ ਮੁਤਾਬਕ ਇਸ ਹਮਲੇ ਪਿੱਛੇ ਹੈਪੀ ਪੀਐਚਡੀ ਦਾ ਹੱਥ ਸੀ। ਉਸ ਨੇ ਹੀ ਹਮਲੇ ਲਈ ਪੈਸੇ ਭੇਜੇ ਸੀ। ਹੈਪੀ ਪੀਐਚਡੀ ਪਟਿਆਲਾ ਤੋਂ ਅਸਲੇ ਨਾਲ ਗ੍ਰਿਫਤਾਰ ਸ਼ਬਨਮਦੀਪ ਸਿੰਘ ਦੇ ਵੀ ਸੰਪਰਕ ਵਿੱਚ ਸੀ। ਪੁਲਿਸ ਮੁਤਾਬਕ ਉਸ ਨੇ ਹੀ ਹਮਲੇ ਲਈ ਗ੍ਰਨੇਡ ਤੇ ਪੈਸੇ ਮੁਹੱਈਆ ਕਰਵਾਏ ਸੀ।
ਯਾਦ ਰਹੇ ਹਰਮੀਤ ਸਿੰਘ ਉਰਫ ਪੀਐਚਡੀ ਉਰਫ ਹੈਪੀ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦੇ ਖਾਲਿਸਤਾਨ ਪੱਖੀਆਂ ਤੇ ਪਾਕਿ ਖੁਫੀਆ ਏਜੰਸੀ ਆਈਐਸਆਈ ਨਾਲ ਵੀ ਸਬੰਧ ਦੱਸੇ ਜਾਂਦੇ ਹਨ। ਹਰਮੀਤ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਹੈ। ਉਹ ਇੱਕ ਕ੍ਰਿਮੀਨਲ ਕੇਸ ਵਿੱਚ ਫਸ ਗਿਆ ਸੀ ਜਿਸ ਮਗਰੋਂ ਵਿਦੇਸ਼ ਦੌੜ ਗਿਆ ਸੀ।