ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਵੱਲੋਂ ਮੰਤਰੀ ਰਾਣਾ ਸੋਢੀ ਨੂੰ ਕਾਰ 'ਚ ਨਾ ਬਿਠਾਏ ਜਾਣ 'ਤੇ ਕਾਂਗਰਸ ਦੀ ਸੀਨੀਅਰ ਲੀਡਰ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਨੂੰ ਕਾਰ 'ਚ ਬਿਠਾਇਆ ਜਾਵੇ। ਸਗੋਂ ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਵੀ ਗੱਡੀਆਂ ਬਖਸ਼ੀਆਂ ਹਨ, ਉਨ੍ਹਾਂ ਨੂੰ ਗੱਡੀਆਂ ਦੀ ਕੋਈ ਘਾਟ ਨਹੀਂ। ਦਰਅਸਲ ਭੱਠਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਸਨ। ਇੱਥੇ ਉਨ੍ਹਾਂ ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਹੈ।


ਇਸ ਮੌਕੇ ਭੱਠਲ ਨੇ ਅਕਾਲੀ ਦਲ 'ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਐਸਜੀਪੀਸੀ ਦਾ 1800 ਕਰੋੜ ਦਾ ਬਜਟ ਹੈ, ਪਰ ਅਕਾਲੀਆਂ ਨੇ 1200 ਕਰੋੜ ਦਾ ਬਜਟ ਦਿਖਾਇਆ, ਬਾਕੀ 600 ਕਰੋੜ ਅਕਾਲੀ ਖਾ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਐਸਜੀਪੀਸੀ ਨੂੰ ਆਪਣੀ ਜੇਬ ਸਮਝਦਾ ਹੈ। ਅਕਾਲੀ ਦਲ ਚੋਣਾ ਵਿੱਚ ਐਸਜੀਪੀਸੀ ਦਾ ਪੈਸਾ ਤੇ ਥਾਂ ਦਾ ਇਸਤਮਾਲ ਕਰਦਾ ਹੈ।


ਭੱਠਲ ਨੇ ਕਿਹਾ ਕਿ ਅਕਾਲੀ ਡਰੇ ਹੋਏ ਹਨ। ਅਕਾਲੀ ਦੇ ਹਾਰਨ ਦੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ ਹਨ, ਤਾਂ ਹੀ ਅਕਾਲੀ ਅੱਜ ਕਾਗਰਸ 'ਤੇ ਝੂਠੇ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਤੇ ਵੀ ਕੋਈ ਝੂਠਾ ਪਰਚਾ ਨਹੀਂ ਕਰਾਉਂਦੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਰਤਾਰਪੁਰ ਲਾਂਘੇ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਪੂਰਾ ਕਰਵਾ ਰਹੀ ਹੈ। ਸਾਡੇ ਵੱਲੋ ਕੋਈ ਕਮੀ ਨਹੀਂ ਛੱਡੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਤੋ ਪਹਿਲਾਂ ਸਾਡਾ ਕੰਮ ਪੂਰਾ ਹੋਏਗਾ।


ਉਨ੍ਹਾਂ ਕਿਹਾ ਕਿ ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਐਸਜੀਪੀਸੀ ਨੂੰ ਬੇਨਤੀ ਕੀਤੀ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਇਕੱਠੇ ਹੋ ਕੇ ਮਨਾਈਏ ਪਰ ਅਕਾਲੀ ਦਲ ਅਜਿਹਾ ਨਹੀਂ ਕਰਨ ਦੇ ਰਿਹਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋ ਕਹਿਣਗੇ, ਅਸੀ ਉਸ 'ਤੇ ਫੁੱਲ ਚੜਾਵਾਂਗੇ।