ਚੰਡੀਗੜ੍ਹ: ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੇ ਅਕਾਲੀ ਦਲ 'ਤੇ ਗੰਭੀਰ ਇਸਜ਼ਾਮ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਨੇ ਟੈਕਸਾਂ ਦਾ ਦੁਰਉਪਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗਲ਼ੀਆਂ ਵਿੱਚ ਜੋ ਥੋੜ੍ਹੀਆਂ-ਬਹੁਤੀਆਂ ਟਾਈਲਾਂ ਲਵਾਈਆਂ ਹਨ, ਉਹ ਵੀ 9 ਰੁਪਏ ਦੀ ਟਾਈਲ ਖਰੀਦ ਕੇ ਬਿੱਲ 15 ਰੁਪਏ ਦਾ ਦਿਖਾ ਕੇ ਲੁੱਟਿਆ ਗਿਆ ਹੈ। ਅਕਾਲੀਆਂ ਨੇ ਹਰ ਰੋਜ਼ ਨਾਜਾਇਜ਼ ਮਾਈਨਿੰਗ ਕਰਵਾ ਕੇ ਆਪਣੇ ਵਰਕਰਾਂ ਦੇ ਘਰ ਭਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਜਲਾਲਾਬਾਦ ਨੂੰ ਠੇਕੇ 'ਤੇ ਦਿੱਤਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਜਿੱਤਣ ਤੋਂ ਬਾਅਦ ਅਕਾਲੀਆਂ ਕੋਲੋਂ ਇਕੱਲੇ-ਇਕੱਲੇ ਪੈਸੇ ਦਾ ਹਿਸਾਬ ਲੈਣਗੇ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ, ਸਾਬਕਾ ਐਮਪੀ ਸ਼ੇਰ ਸਿੰਘ ਘੁਬਾਇਆ ਤੇ ਕਾਂਗਰਸ ਉਮੀਦਵਾਰ ਰਮਿੰਦਰ ਸਿੰਘ ਆਵਲਾ ਜਲਾਲਾਬਾਦ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਪਹੁੰਚੇ ਸੀ ਜਿੱਥੇ ਉਨ੍ਹਾਂ ਕਈ ਪਿੰਡਾਂ ਦਾ ਦੌਰਾ ਕੀਤਾ ਤੇ ਅਕਾਲੀ ਦਲ ਖ਼ਿਲਾਫ਼ ਰੱਜ ਕੇ ਭੜਾਸ ਕੱਢੀ।
ਇਸ ਦੌਰਾਨ ਸ਼ੇਰ ਸਿੰਘ ਘੁਬਾਇਆ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਅਕਾਲੀ ਦਲ ਵਿੱਚ 23 ਸਾਲ ਬਿਤਾਏ ਹਨ। ਪਿਛਲੇ 10 ਸਾਲ ਚਾਹੇ ਉਹ ਅਕਾਲੀ ਦਲ ਨਾਲ ਰਹੇ ਪਰ ਇੰਨ੍ਹਾਂ 10 ਸਾਲਾਂ ਵਿੱਚ ਉਨ੍ਹਾਂ ਨਾਲ ਬਹੁਤ ਮਾੜਾ ਵਿਹਾਰ ਕੀਤਾ ਗਿਆ। ਉਨ੍ਹਾਂ ਲੋਕਾਂ ਕੋਲੋਂ ਆਵਲਾ ਲਈ ਵੋਟਾਂ ਦੀ ਮੰਗ ਕੀਤੀ।