ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਰਾਜਪੁਰਾ ਪੁਲਿਸ ਨੂੰ ਚਾਂਦੀ ਦੇ ਗਹਿਣਿਆਂ ਦੀ ਵੱਡੀ ਖੇਪ ਬਰਾਮਦ ਹੋਈ। ਚਾਂਦੀ ਦੀ ਇਹ ਖੇਪ 1 ਕੁਇੰਟਲ 65 ਕਿਲੋ ਵੱਖ-ਵੱਖ ਗਹਿਣਿਆਂ ਦੇ ਰੂਪ ਵਿੱਚ ਹੈ, ਜੋ ਮਥੁਰਾ ਤੋਂ ਜਲੰਧਰ ਲਿਜਾਈ ਜਾ ਰਹੀ ਸੀ। ਨਾਕਾਬੰਦੀ ਦੌਰਾਨ ਕਾਰ ਸਵਾਰ ਨੇ ਇਨ੍ਹਾਂ ਚਾਂਦੀ ਦੇ ਗਹਿਣਿਆਂ ਸਬੰਦੀ ਕੋਈ ਵੀ ਜਾਇਜ਼ ਦਸਤਾਵੇਜ ਪੇਸ਼ ਨਹੀਂ ਕੀਤੇ ਜਿਸ ਤੋਂ ਬਾਅਦ ਪੁਲਿਸ ਨੇ ਸਾਰੀ ਚਾਂਦੀ ਜ਼ਬਤ ਕਰ ਲਈ।


ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਲਕਾ ਰਾਜਪੁਰਾ ਤੇ ਘਨੌਰ ਦੇ ਨੋਡਲ ਅਫ਼ਸਰ ਐਸਪੀ ਸੁਰੱਖਿਆ ਸਤਵੀਰ ਸਿੰਘ ਅਠਵਾਲ ਦੀ ਅਗਵਾਈ ਹੇਠ ਥਾਣਾ ਸਦਰ ਰਾਜਪੁਰਾ ਦੇ ਐਸਆਈ ਸਰਦਾਰਾ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਨੈਸ਼ਨਲ ਹਾਈਵੇ ਨੰਬਰ 1 ਨੇੜੇ ਜਸ਼ਨ ਹੋਟਲ ਰਾਜਪੁਰਾ ਅਚਾਨਕ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇੱਕ ਸਕੌਡਾ ਕਾਰ ਨੰਬਰ ਸੀਐਚ01ਏਆਰ 4482 ਵਿਚੋਂ ਇਹ ਚਾਂਦੀ ਦੀ ਖੇਪ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਕਾਰ ਵਿੱਚ ਸਵਾਰ ਜਤਿੰਦਰ ਕੁਮਾਰ ਬਾਂਸਲ ਵਾਸੀ ਮਥੁਰਾ ਉੱਤਰ ਪ੍ਰਦੇਸ ਤੇ ਉਸਦੇ ਨਾਲ ਬੈਠੀ ਮਹਿਲਾ ਨੇ ਇਸ ਚਾਂਦੀ ਨੂੰ ਕਾਰ ਦੀਆਂ ਸੀਟਾਂ ਕੱਟ ਕੇ ਵਿਸ਼ੇਸ਼ ਤੌਰ 'ਤੇ ਬਣਾਏ ਗਏ ਖੁਫ਼ੀਆ ਖਾਨਿਆਂ ਵਿੱਚ ਲੁਕੋਇਆ ਹੋਇਆ ਸੀ। ਪਹਿਲੀ ਨਜ਼ਰ 'ਤੇ ਵੇਖਿਆਂ ਇਹ ਮਾਮਲਾ ਤਸਕਰੀ ਦਾ ਵੀ ਲੱਗਦਾ ਹੈ ਪਰ ਇਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

ਐਸਐਸਪੀ ਸਿੱਧੂ ਨੇ ਦੱਸਿਆ ਕਿ ਇਹ ਚਾਂਦੀ ਬਰਾਮਦਗੀ ਦੇ ਮਾਮਲੇ ਨੂੰ ਟੈਕਸ ਬਚਾਉਣ ਤੇ ਤਸਕਰੀ ਦੇ ਪਹਿਲੂ ਸਮੇਤ ਲੋਕ ਸਭਾ ਚੋਣਾਂ ਦੌਰਾਨ ਇਸ ਦੀ ਸੰਭਾਵਤ ਵਰਤੋਂ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।