ਸਰਕਾਰ, ਨਿਆ ਪ੍ਰਣਾਲੀ ਤੇ ਕਾਨੂੰਨ ਤੋਂ ਉੱਪਰ ਰਾਮ ਰਹੀਮ !
ਏਬੀਪੀ ਸਾਂਝਾ | 25 Aug 2017 10:39 AM (IST)
ਚੰਡੀਗੜ੍ਹ: ਫਿਲਮੀ ਅਦਾਕਾਰ ਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਸਾਹਮਣੇ ਕਾਨੂੰਨ, ਨਿਆਂ ਪ੍ਰਣਾਲੀ ਤੇ ਸਰਕਾਰਾਂ ਵੀ ਬੌਣੀਆਂ ਨਜ਼ਰ ਆ ਰਹੀਆਂ ਹਨ। ਰਾਮ ਰਹੀਮ ਅਜਿਹਾ ਮੁਲਜ਼ਮ ਹੈ ਜਿਸ ਉੱਪਰ ਬਲਾਤਕਾਰ, ਕਤਲ ਤੇ ਚੇਲਿਆਂ ਨੂੰ ਨਿਪੁੰਸਕ ਕਰਨ ਵਰਗੇ ਗੰਭੀਰ ਇਲਜ਼ਾਮ ਹਨ ਪਰ ਉਹ ਆਪਣੀ ਸ਼ਕਤੀ ਦੀ ਅਜਿਹਾ ਮੁਜ਼ਹਾਰਾ ਕਰ ਰਿਹਾ ਹੈ ਜਿਵੇਂ ਉਹ ਕਾਨੂੰਨ ਤੇ ਨਿਆਂ ਪ੍ਰਣਾਲੀ ਤੋਂ ਉੱਪਰ ਹੋਵੇ। ਅੱਜ 25 ਅਗਸਤ ਨੂੰ ਰਾਮ ਰਹੀਮ ਖਿਲਾਫ ਬਲਾਤਕਾਰ ਮਾਮਲੇ ਦਾ ਫੈਸਲਾ ਆਉਣਾ ਹੈ। ਇਸ ਲਈ ਡੇਰਾ ਮੁਖੀ ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣਾ ਹੈ। ਦਿਲਚਸਪ ਗੱਲ਼ ਹੈ ਕਿ ਡੇਰਾ ਮੁਖੀ ਅਦਾਲਤ ਵਿੱਚ ਕਿਸੇ ਮੁਲਜ਼ਮ ਵਾਂਗ ਨਹੀਂ ਬਲਕਿ ਰਾਜੇ-ਮਹਾਂ ਰਾਜਿਆਂ ਵਾਂਗ 800 ਗੱਡੀਆਂ 'ਤੇ ਪੇਸ਼ ਹੋ ਰਿਹਾ ਹੈ। ਹਰਿਆਣਾ ਸਰਕਾਰ ਨੇ ਅਮਨ-ਕਾਨੂੰਨ ਹੀ ਹਾਲਤ ਨੂੰ ਵੇਖਦਿਆਂ ਰਾਮ ਰਹੀਮ ਨੂੰ ਹਵਾਈ ਰਸਤੇ ਅਦਾਲਤ ਵਿੱਚ ਪੇਸ਼ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਡੇਰੇ ਨੇ ਸੜਕੀ ਰਸਤੇ ਨੂੰ ਹੀ ਚੁਣਿਆ। ਇਸ ਗੱਲ਼ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿਆਸੀ ਲੀਡਰਾਂ ਦਾ ਭਵਿੱਖ ਤੈਅ ਕਰਨ ਵਾਲੇ ਬਾਬੇ ਤੋਂ ਸਰਕਾਰਾਂ ਵੀ ਡਰ ਰਹੀਆਂ ਹਨ। ਇਸ ਦੀ ਮਿਸਲਾ ਇਸ ਗੱਲ਼ ਤੋਂ ਮਿਲਦੀ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਰਾਮ ਰਹੀਮ ਦੀ ਪੇਸ਼ੀ ਕਾਰਨ ਲੱਖਾਂ ਦੀ ਗਿਣਤੀ ਵਿੱਚ ਡੇਰਾ ਸਮਰਥਕ ਪੰਚਕੂਲਾ ਪਹੁੰਚੇ ਹੋਏ ਹਨ। ਇਹ ਸ਼ਰਧਾਲੂ ਸ਼ਰੇਆਮ ਪੰਚਕੂਲਾ ਪਹੁੰਚੇ ਪਰ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਜ਼ੁਅਰਤ ਨਹੀਂ ਕੀਤੀ। ਇਸ ਗੱਲ 'ਤੇ ਵੀਰਵਾਰ ਨੂੰ ਹਾਈਕੋਰਟ ਵੀ ਖਫਾ ਨਜ਼ਰ ਆਈ। ਡੇਰਾ ਸਿਰਸਾ ਮੁਖੀ ਦੀ ਪੇਸ਼ ਕਰਕੇ ਸਕੂਲ-ਕਾਲਜ ਤੇ ਕਈ ਵਪਾਰਕ ਅਦਾਰੇ ਬੰਦ ਹਨ। ਰੇਲ ਤੇ ਬੱਸ ਸੇਵਾ ਠੱਪ ਹੈ। ਵਿਆਹਾਂ ਦੀਆਂ ਤਾਰੀਖਾਂ ਅੱਗੇ ਪੈ ਗਈਆਂ ਹਨ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਹਾਲਤ ਖਰਾਬ ਹੋ ਰਹੀ ਹੈ। ਇਸ ਤਰ੍ਹਾਂ ਕਰੋੜਾਂ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ। ਜਨਤਾ ਪ੍ਰੇਸ਼ਾਨੀਆਂ ਝੱਲ ਰਹੀ ਹੈ ਪਰ ਡੇਰਾ ਮੁਖੀ ਮੁਲਜ਼ਮ ਹੋ ਕੇ ਸ਼ਰੇਆਮ ਵੀਆਈਪੀ ਸਹੂਲਤਾਂ ਹਾਸਲ ਕਰ ਰਿਹਾ ਹੈ। ਸਰਕਾਰ ਤੇ ਪੁਲਿਸ ਬੇਵੱਸ ਨਜ਼ਰ ਆ ਰਿਹਾ ਹੈ।