ਰਾਮ ਰਹੀਮ ਦੇ ਫੈਸਲੇ ਤੋਂ ਪਹਿਲਾਂ ਦਿੱਤੀ ਸੀ ਹਰਿਆਣਾ ਸਰਕਾਰ ਨੂੰ ਧਮਕੀ
ਏਬੀਪੀ ਸਾਂਝਾ | 23 Jan 2018 11:12 AM (IST)
ਚੰਡੀਗੜ੍ਹ: ਬਲਾਤਕਾਰੀ ਬਾਬੇ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਡੇਰੇ ਸਿਰਸੇ ਦੀ ਮੈਨੇਜਮੈਂਟ ਨੇ ਹਰਿਆਣਾ ਦੇ ਵਿਧਾਇਕਾਂ ਅਤੇ ਭਾਜਪਾ ਦੇ ਲੀਡਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ। ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਟੈਲੀਫ਼ੋਨ ਦੀ ਰਿਕਾਰਡਿੰਗ ਨੇ ਖ਼ੁਲਾਸਾ ਕੀਤਾ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਨੇ ਭਾਜਪਾ ਨੂੰ ਆਪਣਾ ਸਮਰਥਨ ਦਿੱਤਾ ਸੀ। ਬਾਬੇ ਨੂੰ ਸਜ਼ਾ ਹੋਣ ਦੇ ਕੁੱਝ ਦਿਨ ਪਹਿਲਾਂ ਡੇਰੇ ਦੇ ਸਿਆਸੀ ਵਿੰਗ ਦੇ ਪ੍ਰਧਾਨ ਰਾਮਪਾਲ ਨੇ ਸਮਰਥਕਾਂ ਨੂੰ ਕਿਹਾ ਕਿ ਜਿੰਨੇ ਵੀ ਭਾਜਪਾ ਦੇ ਲੀਡਰ ਤੇ ਵਿਧਾਇਕ ਹਨ, ਉਨ੍ਹਾਂ ਰਾਹੀਂ ਮੁੱਖ ਮੰਤਰੀ ਖੱਟਰ ਨੂੰ ਸੁਨੇਹਾ ਲਾਓ ਕਿ ਕੋਰਟ ਦਾ ਫ਼ੈਸਲਾ ਜੇਕਰ ਰਾਮ ਰਹੀਮ ਦੇ ਹੱਕ ਵਿੱਚ ਨਹੀਂ ਆਇਆ ਤਾਂ ਭਾਜਪਾ ਦਾ ਡੇਰੇ ਨਾਲ ਵਾਸਤਾ ਖ਼ਤਮ ਹੋ ਜਾਵੇਗਾ। ਰਾਮਪਾਲ ਨੇ ਟੈਲੀਫ਼ੋਨ 'ਤੇ ਡੇਰੇ ਦੇ ਸਮਰਥਕਾਂ ਨੂੰ ਇਹ ਵੀ ਕਿਹਾ ਕਿ ਇਹ ਸੁਨੇਹਾ ਮੁੱਖ ਮੰਤਰੀ ਤੱਕ ਪਹੁੰਚਣਾ ਚਾਹੀਦਾ ਹੈ। ਹਰਿਆਣਾ ਪੁਲਿਸ ਨੇ ਡੇਰੇ ਦੇ ਸਾਰੇ ਮੁੱਖ ਲੋਕਾਂ ਦੇ ਫ਼ੋਨ ਰਿਕਾਰਡਿੰਗ 'ਤੇ ਲਗਾਏ ਅਤੇ ਇਹਨਾਂ ਰਿਕਾਰਡਿੰਗ ਦੀਆਂ ਕਾਪੀਆਂ ਹਨੀਪ੍ਰੀਤ ਤੇ ਹੋਰਾਂ ਦੇ ਖ਼ਿਲਾਫ਼ ਹੋਈ ਸਪਲੀਮੈਂਟਰੀ ਚਾਰਜਸ਼ੀਟ ਨਾਲ ਲਗਾਈ ਗਈ ਹੈ। ਕਾਲ ਰਿਕਾਰਡ ਦੇ ਮੁਤਾਬਕ 20 ਅਗਸਤ ਨੂੰ ਡੇਰੇ ਦੀ ਮੈਨੇਜਮੈਂਟ ਅਦਾਲਤ ਦਾ ਫ਼ੈਸਲਾ ਆਪਣੇ ਹੱਕ ਵਿੱਚ ਕਰਨ ਦੀ ਹਰ ਕੋਸ਼ਿਸ ਕਰਨੀ ਸ਼ੁਰੂ ਕਰ ਦਿੱਤੀ ਸੀ। ਟੈਲੀਫ਼ੋਨ ਦੇ ਰਿਕਾਰਡ ਤੇ ਮੁਤਾਬਕ 20 ਅਗਸਤ ਸ਼ਾਮ ਨੂੰ ਰਾਮਪਾਲ ਨੇ ਅੰਬਾਲਾ ਦੇ ਅਸ਼ੋਕ ਨੂੰ ਕਿਹਾ ਕਿ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣ ਕਿ ਡੇਰੇ ਨੇ ਚੋਣਾਂ ਵਿੱਚ ਭਾਜਪਾ ਦੀ ਠੋਕ ਕੇ ਮਦਦ ਕੀਤੀ ਸੀ ਤੇ ਅੱਗੇ ਵੀ ਕਰਾਂਗੇ ਪਰ ਮੁੱਖ ਮੰਤਰੀ ਨੂੰ ਕਹੋ ਕਿ ਉਹ ਚਾਹੇ ਪ੍ਰਦਾਨ ਮੰਤਰੀ ਨੂੰ ਮਿਲੇ ਪਰ ਅਦਾਲਤ ਦਾ ਫ਼ੈਸਲਾ ਸਾਡੇ ਹੱਕ ਵਿੱਚ ਆਉਣਾ ਚਾਹੀਦਾ ਹੈ। ਰਾਮਪਾਲ ਨੇ ਟੈਲੀਫ਼ੋਨ ਤੇ ਕਿਹਾ "ਤੁਸੀਂ ਭਾਜਪਾ ਦੇ ਹਰ ਵਿਧਾਇਕ ਤੇ ਸਾਂਸਦ ਨੂੰ ਮਿਲੋ ਤੇ ਇਹ ਸੁਨੇਹਾ ਲਗਾਓ"। ਰਾਮਪਾਲ ਨੇ ਅੰਬਾਲੇ ਦੇ ਵਾਸੀ ਅਸ਼ੋਕ ਨੂੰ ਫ਼ੋਨ 'ਤੇ ਕਿਹਾ ਕਿ ਜਿੱਥੇ ਵੀ ਭਾਜਪਾ ਦਾ ਕੋਈ ਵੀ ਸਿਆਸਤਦਾਨ ਜਾਂ ਵਿਧਾਇਕ ਮਿਲਦਾ ਹੈ, ਉਸ ਨਾਲ ਠੋਕ ਕੇ ਇਸ ਬਾਰੇ ਗੱਲ ਕਰੋ ਤਾਂਕਿ ਇਹ ਸੰਦੇਸ਼ ਮੁੱਖ ਮੰਤਰੀ ਤਕ ਪਹੁੰਚੇ। ਰਾਮਪਾਲ ਨੇ ਆਪਣੇ ਸਾਥੀ ਨੂੰ ਕਿਹਾ ਕਿ ਉਨ੍ਹਾਂ ਨੂੰ ਜਾ ਕੇ ਕਹਿਣਾ, "ਅਸੀਂ ਤੁਹਾਨੂੰ ਇੱਕ ਹੀ ਕੰਮ ਕਿਹਾ ਸੀ ਤੇ ਉਹ ਵੀ ਨਹੀਂ ਕਰ ਸਕੇ..."।