ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ ਆਪਣੇ ਆਕਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਫੈਸਲੇ ਦਾ ਸਵਾਗਤ ਕਰਦਾ ਹੈ। ਉਸ ਨੇ ਕਿਹਾ ਕਿ ਉਹ ਕਾਂਗਰਸ ਦਾ ਵਰਕਰ ਸੀ ਤੇ ਹਮੇਸ਼ਾ ਰਹੇਗਾ। ਆਪਣੇ ਸਭ ਤੋਂ ਵੱਡੇ ਵਿਰੋਧੀ ਤੇ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਬਾਰੇ ਰਾਣਾ ਨੇ ਕਿਹਾ, "ਉਨ੍ਹਾਂ 'ਤੇ ਵੀ ਨਸ਼ਾ ਤਸਕਰੀ ਦੇ ਇਲਜ਼ਾਮ ਹਨ, ਦਮ ਹੈ ਤਾਂ ਖਹਿਰਾ ਵੀ ਮੇਰੇ ਵਾਂਗ ਅਸਤੀਫਾ ਦੇਣ।" ਇਸ ਤੋਂ ਪਹਿਲਾਂ ਅੱਜ ਸੁਖਪਾਲ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਖਹਿਰਾ ਨੇ ਕਿਹਾ ਸੀ ਕਿ ਰਾਣਾ ਦੇ ਅਸਤੀਫੇ ਨਾਲ ਸੱਚ ਦੀ ਜਿੱਤ ਹੋਈ ਹੈ। ਖਹਿਰਾ ਨੇ ਰਾਣਾ 'ਤੇ ਲੱਗੇ ਰੇਤ ਖੱਡਾਂ ਦੀ ਧਾਂਦਲੀ ਦੇ ਇਲਜ਼ਾਮਾਂ ਦੀ ਜਾਂਚ ਕਰਨ ਵਾਲੇ ਜਸਟਿਸ ਨਾਰੰਗ ਕਮਿਸ਼ਨ ਵੱਲੋਂ ਮੁਆਫੀ ਦੀ ਮੰਗ ਕੀਤੀ ਹੈ।