ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ ਜਿੱਥੇ ਆਪਣੇ ਅਸਤੀਫੇ ਦੇ ਮਨਜ਼ੂਰ ਹੋਣ 'ਤੇ ਰਾਹੁਲ ਗਾਂਧੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹੀ ਖਹਿਰਾ ਨੂੰ ਚੁਨੌਤੀ ਦਿੱਤੀ ਹੈ। ਰਾਣਾ ਨੇ ਅੱਜ ਸਵੇਰੇ ਕਿਹਾ, "ਮੈਂ ਤਾਂ ਅਸਤੀਫਾ ਦੇ ਦਿੱਤਾ ਹੈ, ਜੇਕਰ ਖਹਿਰਾ ਵਿੱਚ ਦਮ ਹੈ ਤਾਂ ਉਹ ਵੀ ਅਸਤੀਫਾ ਦੇਵੇ, ਕਿਉਂਕਿ ਉਨ੍ਹਾਂ 'ਤੇ ਵੀ ਨਸ਼ਾ ਤਸਕਰੀ ਦੇ ਇਲਜ਼ਾਮ ਹਨ।"
ਸਾਬਕਾ ਮੰਤਰੀ ਨੇ ਇਹ ਵੀ ਕਿਹਾ, "ਪਹਿਲਾਂ ਮੇਰਾ ਕੱਦ ਸੁਖਪਾਲ ਖਹਿਰਾ ਤੋਂ ਵੱਡਾ ਸੀ ਪਰ ਹੁਣ ਅਸੀਂ ਬਰਾਬਰੀ 'ਤੇ ਖੜ੍ਹੇ ਹਾਂ। ਹੁਣ ਟੱਕਰ ਹੋਵੇਗੀ।" ਰਾਣਾ ਨੇ ਇਹ ਵੀ ਕਿਹਾ ਕਿ ਉਸ ਦੀ ਮੁੱਖ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਹੋਈ ਸਗੋਂ ਅਸਤੀਫਾ ਮਨਜ਼ੂਰ ਹੋਣ ਬਾਰੇ ਵੀ ਮੀਡੀਆ ਤੋਂ ਹੀ ਪਤਾ ਲੱਗਾ ਹੈ।
ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਹਿ ਚੁੱਕੇ ਰਾਣਾ ਗੁਰਜੀਤ ਸਿੰਘ 'ਤੇ ਰੇਤੇ ਦੀਆਂ ਖੱਡਾਂ ਨੂੰ ਆਪਣੇ ਚਹੇਤਿਆਂ ਦੇ ਹੱਕਾਂ ਵਿੱਚ ਨਿਲਾਮ ਕਰਵਾਉਣ ਦੇ ਇਲਜ਼ਾਮ ਹਨ। ਪੰਜਾਬ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਲਗਾਤਾਰ ਰਾਣਾ ਦੇ ਅਸਤੀਫੇ ਦੀ ਮੰਗ ਕਰਦੇ ਆ ਰਹੇ ਸੀ।
ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਦੀ ਮਲਕੀਅਤ ਵਾਲੀ ਇੱਕ ਕੰਪਨੀ ਰਾਣਾ ਸ਼ੂਗਰਜ਼ ’ਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀ.ਡੀ.ਆਰਜ਼. (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਕਰੀਬ 100 ਕਰੋੜ ਰੁਪਏ) ਜੁਟਾਉਣ ਦਾ ਸ਼ੱਕ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੰਦਰ ਪ੍ਰਤਾਪ ਸਿੰਘ ਤੋਂ ਬੀਤੇ ਕੱਲ੍ਹ ਈ.ਡੀ. ਨੇ ਜਲੰਧਰ ਵਿੱਚ ਰਾਣਾ ਦੇ ਪੁੱਤਰ ਤੋਂ 7 ਘੰਟੇ ਪੁੱਛਗਿੱਛ ਕੀਤੀ ਸੀ।