ਅੰਮ੍ਰਿਤਸਰ: ਪਾਰਟੀ 'ਚੋਂ ਕੱਢੇ ਗਏ ਟਕਸਾਲੀਆਂ ਨੇ ਆਪਣਾ ਨਵਾਂ ਅਕਾਲੀ ਦਲ ਬਣਾਉਣ ਦੇ ਐਲਾਨ ਤੋਂ ਬਾਅਦ ਸਿਆਸੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਹਿਤ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਹਲਕੇ ਵਿੱਚ ਲੋਕਾਂ ਨਾਲ ਬੈਠਕਾਂ ਕੀਤੀਆਂ ਤੇ ਨਾਰਾਜ਼ ਹੋਣ ਤੋਂ ਬਾਅਦ ਬਾਦਲ ਨਾਲ ਉਨ੍ਹਾਂ ਦੀ ਨਿੱਜੀ ਗੱਲਬਾਤ ਵੀ ਉਜਾਗਰ ਕੀਤੀ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨਾਲ ਸੱਤ ਵਾਰ ਸੰਪਰਕ ਕੀਤਾ, ਪਰ ਉਨ੍ਹਾਂ ਕੁਝ ਨਾ ਕਿਹਾ। ਉਨ੍ਹਾਂ ਕਿਹਾ ਕਿ ਅੱਗੋਂ ਬਾਦਲ ਨੇ ਫਿਰ ਕਿਹਾ ਕਿ ਬ੍ਰਹਮਪੁਰਾ ਸਾਹਿਬ ਕੁਝ ਤਾਂ ਬੋਲੋ, ਬ੍ਰਹਮਪੁਰਾ ਨੇ ਜਵਾਬ ਦਿੱਤਾ ਕਿ ਤੁਹਾਨੂੰ ਤੁਹਾਡੇ ਮੁੰਡੇ (ਸੁਖਬੀਰ ਬਾਦਲ) ਤੇ ਉਸ ਦੇ ਸਾਲੇ (ਬਿਕਰਮ ਮਜੀਠੀਆ) ਬਾਰੇ ਕਾਫੀ ਸਮਝਾਇਆ ਸੀ ਪਰ ਤੁਸੀਂ ਸਮਝੇ ਨਹੀਂ।
ਇਸ ਤੋਂ ਬਾਅਦ ਬ੍ਰਹਮਪੁਰਾ ਦੀ ਮੀਟਿੰਗਾਂ ਵਿੱਚ ਜਿੱਥੇ ਸੁਖਬੀਰ ਤੇ ਮਜੀਠੀਆ ਨਿਸ਼ਾਨੇ 'ਤੇ ਰਹਿੰਦੇ ਸਨ ਹੁਣ ਉੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਰਗੜੇ ਲੱਗਣੇ ਸ਼ੁਰੂ ਹੋ ਗਏ। ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵਿਰਸਾ ਸਿੰਘ ਵਲਟੋਹਾ ਤੇ ਬੀਬੀ ਜਗੀਰ ਕੌਰ ਦੀ ਬਿਆਨਬਾਜ਼ੀ ਦਾ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ। ਬ੍ਰਹਮਪੁਰਾ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਪੰਥ ਲਈ ਨਹੀਂ ਚੋਰੀ ਦੇ ਕੇਸਾਂ 'ਚ ਜੇਲ੍ਹਾਂ ਕੱਟੀਆਂ ਹਨ ਤੇ ਬੀਬੀ ਜਾਗੀਰ ਕੌਰ ਉਸ ਵੇਲੇ ਜੰਮੀ ਵੀ ਨਹੀਂ ਸੀ ਜਿਸ ਵੇਲੇ ਉਨ੍ਹਾਂ ਦੇ ਪਿਤਾ ਨੇ ਪੰਥ ਲਈ ਜੇਲ੍ਹ ਕੱਟਣੀ ਸ਼ੁਰੂ ਕਰ ਦਿੱਤੀ ਸੀ।
ਰਵਿੰਦਰ ਬ੍ਰਹਮਪੁਰਾ ਨੇ ਇਥੋਂ ਤਕ ਕਿਹਾ ਕਿ ਪੰਜਾਬ ਦੇ ਹਰ ਵੱਡੇ ਪ੍ਰਾਜੈਕਟ ਵਿੱਚ ਅਕਾਲੀ ਸਰਕਾਰ ਵੇਲੇ ਜੀਜਾ-ਸਾਲਾ ਆਪਣੀ ਹਿੱਸੇਦਾਰੀ ਮੰਗਦੇ ਸਨ। ਬੀਤੇ ਕੱਲ੍ਹ ਦੇ ਕਿਸਾਨ ਅੰਦੋਲਨ ਦੀ ਤੁਲਨਾ ਬਰਗਾੜੀ ਗੋਲ਼ੀਕਾਂਡ ਨਾਲ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਕੱਲ੍ਹ ਦੇ ਕਿਸਾਨ ਫਗਵਾੜਾ ਵਿੱਚ ਧਰਨਾ ਲਾ ਕੇ ਬੈਠੇ ਹਨ, ਉਨ੍ਹਾਂ ਉੱਪਰ ਸਰਕਾਰ ਨੇ ਕਿਹੜੀ ਗੋਲ਼ੀ ਚਲਾ ਦਿੱਤੀ ਜੋ ਇਨ੍ਹਾਂ ਨੇ ਬਰਗਾੜੀ ਵਿਖੇ ਗੋਲ਼ੀ ਚਲਾਉਣ ਦੇ ਹੁਕਮ ਦਿੱਤੇ ਸਨ ਤੇ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਰਵਿੰਦਰ ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਪੂਰੇ ਪੰਜਾਬ 'ਚੋਂ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਚੁੱਕੇ ਕਦਮ ਦਾ ਲੋਕ ਸਮਰਥਨ ਕਰ ਰਹੇ ਹਨ ਤੇ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਤੇ ਸੁਖਪਾਲ ਖਹਿਰਾ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਪਰ ਹਾਲੇ ਸਮਾਂ ਥੋੜ੍ਹਾ ਹੋਇਆ ਹੈ ਇਸ ਕਾਰਨ ਕੋਈ ਜ਼ਿਆਦਾ ਗੱਲ ਨਹੀਂ ਹੋਈ।