ਚੰਡੀਗੜ੍ਹ: ਸਿੱਖ ਪ੍ਰਚਾਰਕ ਤੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਹ ਹੁਣ ਦੇਸ਼-ਵਿਦੇਸ਼ਾਂ 'ਚ ਧਾਰਮਿਕ ਸਟੇਜਾਂ ਲਾ ਕੇ ਸਿੱਖੀ ਦਾ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਨੇ ਇਹ ਐਲਾਨ ਪਿਛਲੇ ਕੁਝ ਦਿਨਾਂ ਤੋਂ ਕੁਝ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਪੈਦਾ ਹੋਏ ਵਿਵਾਦਾਂ ਕਰਕੇ ਕੀਤਾ ਹੈ।


ਉਨ੍ਹਾਂ ਸਾਰੀਆਂ ਜਥੇਬੰਦੀਆਂ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਤੇ ਦਮਦਮੀ ਟਕਸਾਲ ਦੇ ਲੀਡਰ ਗਿਆਨੀ ਅਮਰੀਕ ਸਿੰਘ ਅਜਨਾਲਾ ਨੂੰ ਜਵਾਬ ਦਿੰਦਿਆਂ ਵੱਡਾ ਐਲਾਨ ਕੀਤਾ ਕਿ ਉਹ ਅੱਜ ਤੋਂ ਬਾਅਦ ਦੇਸ਼-ਵਿਦੇਸ਼ਾਂ 'ਚ ਧਾਰਮਿਕ ਸਟੇਜਾਂ ਲਾ ਕੇ ਸਿੱਖੀ ਦਾ ਪ੍ਰਚਾਰ ਨਹੀਂ ਕਰਨਗੇ। ਉਹ ਅੱਜ ਤੋਂ ਬਾਅਦ ਸਟੇਜਾਂ 'ਤੇ ਨਹੀਂ ਚੜ੍ਹਨਗੇ। ਇਹ ਸਾਰੀਆਂ ਗੱਲਾਂ ਢੱਡਰੀਆਂ ਵਾਲੇ ਨੇ ਵੀਡੀਓ ਜਾਰੀ ਕਰਕੇ ਕਹੀਆਂ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹਮੇਸ਼ਾਂ ਇਹੀ ਕਿਹਾ ਗਿਆ ਹੈ ਕਿ ਹਰੇਕ ਮਸਲੇ ਦਾ ਹੱਲ ਬੈਠ ਕੇ ਗੱਲਬਾਤ ਰਾਹੀਂ ਕੀਤਾ ਜਾ ਸਕਦਾ ਹੈ। ਇਸ ਲਈ ਉਹਜੱਥੇਦਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਟੀਵੀ ਚੈਨਲ ਰਾਹੀਂ ਗੱਲਬਾਤ ਕਰਨ ਨੂੰ ਤਿਆਰ ਹਨ। ਇਸ ਲਈ ਇੱਕ ਘੰਟੇ ਦਾ ਸਮਾਂ ਲਿਆ ਜਾਵੇਗਾ। ਉਨ੍ਹਾਂ ਕਿਹਾ '40 ਮਿੰਟ ਤੁਹਾਡੇ ਹੋਣਗੇ, ਜਿਸ ਵਿੱਚ ਤੁਸੀਂ ਮੈਨੂੰ ਸਵਾਲ ਪੁੱਛਿਓ ਤੇ 20 ਮਿੰਟ ਮੇਰੇ ਹੋਣਗੇ, ਜਿਸ 'ਚ ਮੈਂ ਸਵਾਲਾਂ ਦੇ ਜਵਾਬ ਦੇਵਾਂਗਾ ਤੇ ਸਹੀ-ਗਲਤ ਦਾ ਫੈਸਲਾ ਸੰਗਤ ਕਰੇਗੀ।'