ਚੰਡੀਗੜ੍ਹ: ਟਕਸਾਲੀ ਅਕਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਦੋ-ਟੁੱਕ ਅਸਤੀਫਾ ਭੇਜਿਆ ਹੈ। ਬ੍ਰਹਮਪੁਰਾ ਨੇ ਅਸਤੀਫੇ ਨੂੰ ਪਾਰਟੀ ਪ੍ਰਧਾਨ ਨੂੰ ਸਿਰਫ 'ਪਿਆਰੇ ਸੁਖਬੀਰ ਜੀ' ਨਾਲ ਸੰਬੋਧਨ ਕੀਤਾ ਹੈ। ਅਸਤੀਫੇ ਦੀ ਇਬਾਰਤ ਵੀ ਚੰਦ ਸ਼ਬਦ ਹਨ ਜਿਸ ਵਿੱਚ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਹੈ।
ਯਾਦ ਰਹੇ ਬ੍ਰਹਮਪੁਰਾ ਨੇ 23 ਅਕਤੂਬਰ ਨੂੰ ਅਸਤੀਫਾ ਦਿੱਤਾ ਸੀ। ਉਹ ਚਾਹੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਰਹੇ ਹਨ ਪਰ ਇਸ਼ਾਰਿਆਂ ਵਿੱਚ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਉਠਾ ਗਏ ਹਨ। ਬ੍ਰਹਮਪੁਰਾ ਦਾ ਇਹ ਸੰਖੇਪ ਅਸਤੀਫਾ ਵੀ ਉਨ੍ਹਾਂ ਦੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ।
ਅਸਤੀਫੇ ਵਿੱਚ ਉਨ੍ਹਾਂ ਨੇ ਸੁਖਬੀਰ ਦੇ ਨਾਂ ਨਾਲ ਸਿੰਘ ਨਹੀਂ ਲਾਇਆ। ਇਸ ਤੋਂ ਸੰਕੇਤ ਹੈ ਕਿ ਸੁਖਬੀਰ ਬਾਦਲ ਵੱਲੋਂ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਉਨ੍ਹਾਂ ਨੂੰ ਦੁਖ ਹੈ। ਇਸ ਤੋਂ ਇਲਾਵਾ ਬ੍ਰਹਮਪੁਰਾ ਨੇ ਸੰਕੇਤ ਦਿੱਤਾ ਹੈ ਕਿ ਸੁਖਬੀਰ ਚਾਹੇ ਪਾਰਟੀ ਪ੍ਰਧਾਨ ਹਨ ਪਰ ਰੁਤਬੇ ਮੁਤਾਬਕ ਉਨ੍ਹਾਂ ਲਈ ਅਜੇ ਛੋਟੇ ਹੀ ਹਨ।