ਪਟਿਆਲਾ: ਤਨਖਾਹ ਕਟੌਤੀ ਦੇ ਮਾਮਲੇ 'ਤੇ ਚਾਹੇ ਸਰਕਾਰ ਨਰਮ ਪੈ ਗਈ ਹੈ ਪਰ ਅਧਿਆਪਕ ਅੇ ਵੀ ਮੋਰਚੇ 'ਤੇ ਡਟੇ ਹੋਏ ਹਨ। ਅਧਿਆਪਕਾਂ ਵੱਲੋਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਪੱਕਾ ਮੋਰਚਾ ਤੇ ਮਰਨ ਵਰਤ ਜਾਰੀ ਰੱਖਿਆ ਹੈ। ਅਧਿਆਪਕਾਂ ਦੇ ਸੰਘਰਸ਼ ਅੱਜ 19ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਦੂਜੇ ਪਾਸੇ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਤੇ ਜਨਤਕ ਜਥੇਬੰਦੀਆਂ ਵੀ ਅਧਿਆਪਕਾਂ ਦੇ ਹੱਕ ਵਿੱਚ ਡਟੀਆਂ ਹੋਈਆਂ। ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਜਾਇਜ਼ ਤਾਂ ਮੰਨੀਆਂ ਹਨ ਪਰ ਇਸ ਦੇ ਹੱਲ਼ ਦਾ ਕੋਈ ਠੋਸ ਭਰੋਸਾ ਨਹੀਂ ਦਿੱਤਾ। ਇਸ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਸਐਸਏ, ਰਮਸਾ, ਆਦਰਸ਼ ਸਕੂਲ ਅਧਿਆਪਕਾਂ ਦੀਆਂ ਤਨਖਾਹਾਂ 'ਤੇ ਰੈਗੂਲਰ ਕਰਨ ਦੇ ਨਾਮ ਹੇਠ 65% ਤੋਂ 75% ਕੱਟ ਲਾਏ ਜਾ ਰਹੇ ਹਨ। ਆਗੂਆਂ ਨੇ ਆਖਿਆ ਕਿ ਸਰਕਾਰ ਦੇ ਝੂਠ-ਤੂਫਾਨ, ਡਰਾਵੇ-ਧਮਕੀਆਂ, ਮੁਅੱਤਲੀਆਂ-ਬਦਲੀਆਂ, ਠੰਢਾ ਛਿੜਕਣ ਲਈ ਬਣਾਈ ਮੁੜ ਪੜਤਾਲ ਕਮੇਟੀ, ਤੂਹਮਤਾਂ ਤੇ ਕੂੜ-ਪ੍ਰਚਾਰ, ਝੂਠੇ ਅੰਕੜਿਆਂ ਤੇ ਗਲਤ ਤੱਥਾਂ ਨੂੰ ਨਕਾਰਦਿਆ 8886 ਐਸ.ਐਸ.ਏ. ਰਮਸਾ ਆਦਰਸ਼ ਸਕੂਲ ਅਧਿਆਪਕਾਂ ਨੇ ਪੰਜਾਬ ਸਰਕਾਰਅਤੇ ਉਸ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਅੰਦਰ ਅਧਿਆਪਕਾਂ ਲਈ ਜੰਗੀ ਹਲਾਤ ਸਿਰਜਦਿਆਂ ਇਨ੍ਹਾਂ ਅਧਿਆਪਕਾਂ ਨੂੰ ਛੁੱਟੀ ਨਾ ਦੇਣ ਦੇ ਹੁਕਮ ਨੂੰ ਠੁੱਡਾ ਮਾਰਦਿਆਂ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਧਰਨੇ ਵਿੱਚ ਭਰਵੀਂ ਸਮੂਲੀਅਤ ਕੀਤੀ ਜਾ ਰਹੀ ਹੈ।