ਬਠਿੰਡਾ: ਜ਼ਿਲ੍ਹੇ ਦੇ ਪਿੰਡ ਮੱਲਾਂਵਾਲਾ ਵਿੱਚ ਸੱਠ ਸਾਲਾ ਵਿਅਕਤੀ 'ਤੇ ਛੇ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪੀੜਤ ਬੱਚੀ ਦੀ ਮਾਂ ਮੁਤਾਬਕ ਉਕਤ ਗੁਆਂਢੀ ਨੇ ਬੀਤੀ ਸ਼ਾਮ ਉਸ ਦੀ ਧੀ ਨਾਲ ਬਲਾਤਕਾਰ ਕੀਤਾ। ਬੱਚੀ ਦੀ ਮਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖ਼ੁਦ ਗੁਆਂਢੀ ਦਾ ਕਤਲ ਕਰ ਦੇਵੇਗੀ। ਡਾਕਟਰ ਵੱਲੋਂ ਬੱਚੀ ਦੇ ਨਮੂਨੇ ਲੈ ਕੇ ਬਲਾਤਕਾਰ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਹਿਰ ਤਿੰਨ ਵਜੇ ਮੁਲਜ਼ਮ ਗੁਆਂਢੀ ਉਨ੍ਹਾਂ ਦੇ ਘਰੋਂ ਚਾਹ ਵੀ ਪੀ ਕੇ ਗਿਆ ਸੀ। ਉਸ ਨੇ ਦੱਸਿਆ ਕਿ ਸ਼ਾਮ ਪੰਜ ਕੁ ਵਜੇ ਉਹ ਬੱਚੀ ਨੂੰ ਗੱਲਾਂ 'ਚ ਲਾ ਕੇ ਨੇੜੇ ਹੀ ਖੇਤ ਵਿੱਚ ਲੈ ਗਿਆ। ਜਦੋਂ ਮਾਂ ਨੂੰ ਬੱਚੀ ਘਰ ਨਾ ਦਿੱਸੀ ਤਾਂ ਉਸ ਨੇ ਭਾਲ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਦਾ ਉਹੀ ਗੁਆਂਢੀ ਬੱਚੀ ਨੂੰ ਖੇਤ ਵਿੱਚ ਛੱਡ ਕੇ ਭੱਜਦਾ ਨਜ਼ਰ ਆਇਆ। ਬੱਚੀ ਦੀ ਮਾਂ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖ਼ੁਦ ਗੁਆਂਢੀ ਦਾ ਕਤਲ ਕਰ ਦੇਵੇਗੀ। ਫਿਲਹਾਲ ਬੱਚੀ ਬਠਿੰਡਾ ਸਿਵਲ ਹਸਪਤਾਲ ਦੇ ਬੱਚਾ ਵਾਰਡ ਵਿੱਚ ਦਾਖਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਤੇ ਮੈਡੀਕਲ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਧਰ ਪੁਲਿਸ ਨੇ ਮਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਗੁਆਂਢੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।