Punjab News: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਯੋਗ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸਾਡੀਆਂ ਕੋਸ਼ਿਸ਼ਾਂ ਨੇ ਕਾਮਯਾਬੀ ਹਾਸਲ ਕੀਤੀ। ਵਿਜੀਲੈਂਸ ਬਿਊਰੋ ਨੇ ਨੌਕਰੀ ਘੁਟਾਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਨੌਕਰੀ ਘੁਟਾਲੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਸ ਵਿੱਚ ਕਰੋੜਾਂ ਦਾ ਭ੍ਰਿਸ਼ਟਾਚਾਰ ਸ਼ਾਮਲ ਹੈ।



ਦੱਸ ਦਈਏ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਹੁੰਦਿਆਂ ਹੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਸਿੱਧੇ ਤੌਰ ’ਤੇ ਇਸ ਭਰਤੀ ’ਚ ਗੜਬੜੀ ਹੋਣ ਦੇ ਦੋਸ਼ ਲਾਏ ਗਏ ਸਨ। ਖਾਸ ਤੌਰ ’ਤੇ ਸੁਖਪਾਲ ਖਹਿਰਾ ਨੇ ਹੇਠਲੇ ਪੱਧਰ ਦੇ ਇਮਤਿਹਾਨਾਂ ’ਚ ਅਸਫ਼ਲ ਰਹਿਣ ਵਾਲੇ ਕੁਝ ਉਮੀਦਵਾਰਾਂ ਵੱਲੋਂ ਨਾਇਬ ਤਹਿਸੀਲਦਾਰਾਂ ਦਾ ਇਹ ਇਮਤਿਹਾਨ ਵਧੇਰੇ ਅੰਕਾਂ ਨਾਲ ਪਾਸ ਕਰਨ ਉਤੇ ਸਵਾਲ ਵੀ ਉਠਾਏ ਸਨ।


ਹੁਣ ਪੁਲਿਸ ਨੇ ਪੁਲਿਸ ਨੇ ਇਸ ਮਾਮਲੇ ਵਿੱਚ ਪਟਿਆਲਾ ਦੇ ਪਿੰਡ ਦੇਧਨਾ ਵਾਸੀ ਨਵਰਾਜ ਚੌਧਰੀ ਤੇ ਗੁਰਪ੍ਰੀਤ ਸਿੰਘ ਤੇ ਪਟਿਆਲਾ ਦੇ ਹੀ ਪਿੰਡ ਭੁੱਲਾਂ ਦੇ ਜਤਿੰਦਰ ਸਿੰਘ ਸਮੇਤ ਹਰਿਆਣਾ ਦੇ ਪਿੰਡ ਰਮਾਣਾ-ਰਾਮਾਣੀ ਦੇ ਵਸਨੀਕ ਸੋਨੂੰ ਕੁਮਾਰ ਤੇ ਨਛੜ ਖੇੜਾ ਦੇ ਵਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਪੇਪਰ ਪਾਸ ਕਰਵਾਉਣ ਲਈ ਵੱਖ ਵੱਖ ਉਮੀਦਵਾਰਾਂ ਨਾਲ 20 ਤੋਂ 22 ਲੱਖ ਰੁਪਏ ’ਚ ਸੌਦਾ ਕੀਤਾ ਸੀ।


ਵੇਰਵਿਆਂ ਮੁਤਾਬਕ ਡੱਮੀ ਉਮੀਦਵਾਰਾਂ ਵਜੋਂ ਸ਼ਾਮਲ ਕੀਤੇ ਗਏ ਕੁਝ ਵਿਅਕਤੀਆਂ ਵੱਲੋਂ ਮਿੱਥੀ ਯੋਜਨਾ ਤਹਿਤ ਛੁਪਾ ਕੇ ਪ੍ਰੀਖਿਆ ਕੇਂਦਰਾਂ ’ਚ ਲਿਜਾਏ ਗਏ ਵਾਇਰਲੈੱਸ ਕੈਮਰਿਆਂ ਨਾਲ ਪ੍ਰਸ਼ਨ ਪੱਤਰ ਦੀ ਕੀਤੀ ਗਈ ਫੋਟੋ ਕੇਂਦਰ ਦੇ ਨਜ਼ਦੀਕ ਹੀ ਬੈਠੇ  ਨਕਲ ਕਰਵਾਉਣ ਵਾਲੇ ਗਰੋਹ ਦੇ ਮੈਂਬਰ ਕੋਲ ਪੁੱਜਦੀ ਕੀਤੀ।


ਇਹ ਵੀ ਪੜ੍ਹੋ: Funny Video: ਲਾੜਾ ਦੇ ਵਿਆਹ 'ਚ ਸਾੜੀ ਪਾ ਕੇ ਪਹੁੰਚੇ ਦੋਸਤ, ਇਹ ਦੇਖ ਲਾੜੇ ਨੇ ਦਿੱਤਾ ਕਮਾਲ ਦਾ ਰਿਐਕਸ਼ਨ, ਵੀਡੀਓ ਵਾਇਰਲ


ਇਸ ਸਬੰਧੀ ਹਰਿਆਣਾ ’ਚ ਇੱਕ ਥਾਂ ਕੰਟਰੋਲ ਰੂਮ ਬਣਾਇਆ ਗਿਆ ਸੀ, ਜਿੱਥੇ ਬੈਠੇ ਮਾਹਿਰਾਂ ਵੱਲੋਂ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖ ਕੇ ਉਸੇ ਵਿਅਕਤੀ ਨੂੰ ਵਾਪਸ ਭੇਜੇ  ਗਏ, ਜਿਸ ਵੱਲੋਂ ਪੇਪਰ ਦੀ ਫੋਟੋ ਭੇਜੀ ਗਈ ਸੀ। ਪੁਲੀਸ ਮੁਤਾਬਕ ਭਾਵੇਂ ਅਜੇ ਕਿਸੇ ਵੀ ਉਮੀਦਵਾਰ ਨੂੰ ਗ੍ਰਿਫ਼ਤਾਰ ਨਹੀਂ  ਕੀਤਾ ਗਿਆ, ਪਰ ਜਲਦੀ ਹੀ ਕਈ ਉਮੀਦਵਾਰਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਤੈਅ ਹਨ। ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।