Punjab News :  ਗੁਰਦਾਸਪੁਰ ਤੋਂ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਬਾਰੇ ਦਿੱਤੇ ਧਮਕੀ ਭਰੇ ਇਤਰਾਜ਼ਯੋਗ ਬਿਆਨ ਤੋਂ ਬਾਅਦ ਸਿੱਖ ਜੱਥੇਬੰਦੀਆਂ ਅਤੇ ਸ਼ਿਵ ਸੈਨਾ ਆਗੂਆਂ ਵਿਚਾਲੇ ਵਿਵਾਦ ਛਿੜ ਗਿਆ ਹੈ। ਇਸ ਨੂੰ ਲੈ ਕੇ ਸ਼ਿਵ ਸੈਨਾ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸ਼ਿਵ ਸੈਨਾ ਦੀ ਕੌਮੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਾਰਟੀ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਹਰਵਿੰਦਰ ਸੋਨੀ ਨੂੰ ਸ਼ਿਵ ਸੈਨਾ 'ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਸ਼ਿਵ ਸੈਨਾ ਦੇ ਮੁੱਖ ਬੁਲਾਰੇ ਚੰਦਰਕਾਂਤ ਚੱਢਾ ਨੇ ਦਿੱਤੀ। 


 

ਮੀਡੀਆ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਿਵ ਸੈਨਾ ਦੇ ਬੁਲਾਰੇ ਚੰਦਰਕਾਂਤ ਚੱਢਾ ਨੇ ਸ਼ਿਵ ਸੈਨਾ ਦੇ ਪੇਜ 'ਤੇ ਲਾਈਵ ਹੋ ਕੇ ਇਸ ਮਾਮਲੇ 'ਤੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਵਾਂਗ ਹੀ ਪਟਿਆਲਾ ਤੋਂ ਹਰੀਸ਼ ਸਿੰਗਲਾ ਨੇ ਵੀ ਇਸ ਮਾਮਲੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਨੇ ਵੀ ਸ਼ਿਵ ਸੈਨਾ ਅਤੇ ਹਿੰਦੂ-ਸਿੱਖਾਂ ਵਿੱਚ ਦਰਾੜ ਪਾਉਣ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਰਾਸ਼ਟਰੀ ਲੀਡਰਸ਼ਿਪ ਨੇ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। 

 


 

ਦੱਸ ਦੇਈਏ ਕਿ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਸੁਧੀਰ ਸੂਰੀ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦੇਣ ਦੌਰਾਨ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਬਾਰਾ ਢਾਹੁਣ ਦਾ ਧਮਕੀ ਭਰੇ ਇਤਰਾਜ਼ਯੋਗ ਬਿਆਨ ਤੋਂ ਬਾਅਦ ਮਾਹੌਲ ਗਰਮਾ ਗਿਆ ਸੀ। 

 

ਇਸ ਬਿਆਨ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਅਤੇ ਹੋਰ ਸਮਾਜਿਕ ਸੰਗਠਨ ਵੱਲੋਂ 15 ਨਵੰਬਰ ਦੇ ਦਿਨ ਐੱਸ.ਐੱਸ.ਪੀ. ਦਫ਼ਤਰ ਗੁਰਦਾਸਪੁਰ ਵਿਖੇ ਇਕੱਠ ਕਰਕੇ ਸ਼ਾਂਤਮਈ ਧਰਨਾ ਲਗਾਇਆ ਗਿਆ ਸੀ। ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਐੱਸ.ਐੱਸ.ਪੀ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਇਤਰਾਜ਼ਯੋਗ ਬਿਆਨਬਾਜ਼ੀ ਦੇ ਦੋਸ਼ੀ ਸ਼ਿਵ ਸੈਨਾ ਆਗੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।