Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਆਪਣੇ ਪਿੰਡ ਮੂਸਾ ਵਿੱਚ ਚੱਲ ਰਹੀ ਡਿਸਪੈਂਸਰੀ ਨੂੰ ਆਧੁਨਿਕ ਟੈਕਨਾਲੋਜੀ ਨਾਲ ਲੈਸ ਕਰਕੇ ਅਪਗਰੇਡ ਕਰਨ ਦੀ ਮੰਗ ਕੀਤੀ ਹੈ।

ਸਿਹਤ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਸਾਡੇ ਪੰਜਾਬ ਦੇ ਮਹਰੂਮ‌ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਤੇ ਮਾਤਾ ਜੀ ਮੇਰੀ ਰਿਹਾਇਸ਼ ਵਿਖੇ ਆਏ, ਪਿੰਡ ਮੂਸਾ ਵਿੱਚ ਚੱਲ ਰਹੀ ਡਿਸਪੈਂਸਰੀ ਨੂੰ ਆਧੁਨਿਕ ਟੈਕਨਾਲੋਜੀ ਨਾਲ ਲੈਸ ਕਰਕੇ ਅਪਗਰੇਡ ਕੀਤਾ ਜਾਵੇਗਾ, ਮੇਰੇ ਵੱਲੋਂ ਪਰਿਵਾਰ ਨੂੰ ਸਿਹਤ ਵਿਭਾਗ ਵੱਲੋਂ ਹਰ ਸੰਭਵ ਭਰੋਸਾ ਦਿੱਤਾ ਗਿਆ।

 





ਇਸ ਤੋਂ ਪਹਿਲਾਂ ਬੀਤੇ ਕੱਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ -ਪਿਤਾ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਪਿੰਡ ਮੂਸਾ ਦੇ ਸਰਕਾਰੀ ਸਕੂਲ ਵਿਚ ਟੀਚਰਾਂ ਦੀ ਭਰਤੀ ਨੂੰ ਲੈ ਕੇ ਤੁਰੰਤ ਅਸਾਮੀਆਂ ਭਰਨ ਸਬੰਧੀ ਮੰਗ ਪੱਤਰ ਸੌਂਪਿਆ ਸੀ। ਉਹਨਾਂ ਨੇ ਪੱਤਰ ਵਿਚ ਲਿਖਿਆ ਕਿ ਪਿੰਡ ਮੂਸਾ ਦੇ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ ਸਮੇਤ 9 ਅਸਾਮੀਆਂ ਖਾਲੀ ਹਨ। 

 

ਜਿਨ੍ਹਾਂ ਵਿਚ ਅੰਗਰੇਜ਼ੀ ਲੈਕਚਰਾਰ, ਹਿਸਟਰੀ ਲੈਕਚਰਾਰ, ਪੋਲ ਸਾਇੰਸ ਲੈਕਚਰਾਰ, ਪੰਜਾਬੀ ਲੈਕਚਰਾਰ, ਡੀਪੀ ਮਾਸਟਰ, ਲਾਇਬ੍ਰੇਰੀਅਨ, ਲਾਇਬ੍ਰੇਰੀ ਰੈਸਟੋਰਰ, ਗਾਰਡਨਰ ਕਮ ਚੌਕੀਦਾਰ ਦੀਆਂ ਅਸਾਮੀਆਂ ਖਾਲੀ ਹਨ। ਇਸ ਮੰਗ ਪੱਤਰ ਵਿਚ ਉਹਨਾਂ ਇਹ ਵੀ ਲਿਖਿਆ ਹੈ ਕਿ ਪਤਾ ਲੱਗਿਆ ਹੈ ਕਿ ਇਸ ਸਕੂਲ ਦੇ 6 ਅਧਿਆਪਕ ਹੋਰ ਬਦਲੀ ਕਰਵਾਉਣਾ ਚਾਹੁੰਦੇ ਹਨ। ਉਹਨਾਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਅਧਿਆਪਕ ਦੀ ਬਦਲੀ ਹੁੰਦੀ ਹੈ ਤਾਂ ਉਸ ਦੀ ਥਾਂ ’ਤੇ ਤੁਰੰਤ ਹੋਰ ਅਧਿਆਪਕਾਂ ਨੂੰ ਤਾਇਨਾਤ ਕੀਤਾ ਜਾਵੇ।

 

ਇਸ ਤੋਂ ਇਲਾਵਾ ਬੀਤੇ ਕੱਲ ਹੀ ਸਿੱਧੂ ਮੂਸੇਵਾਲਾ ਦੇ ਮਾਤਾ -ਪਿਤਾ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨਾਲ ਵੀ ਮੁਲਾਕਾਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਡੀ.ਜੀ.ਪੀ. ਨਾਲ ਕਰੀਬ 30 ਮਿੰਟ ਤੱਕ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਲਕੌਰ ਸਿੰਘ ਨੇ ਪੁੱਤ ਦੇ ਇਨਸਾਫ਼ ਨੂੰ ਲੈ ਕੇ ਗੱਲਬਾਤ ਕੀਤੀ ਹੈ।