ਚੰਡੀਗੜ੍ਹ: ਕਰੋਨਵਾਇਰਸ ਦੀ ਦੂਜੀ ਲਹਿਰ ਨੂੰ ਵੇਖਦਿਆਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੇ ਕਪੂਰਥਲਾ ਵਿੱਚ ਰਾਤ ਦਾ ਕਰਫਿਊ ਲਾ ਦਿੱਤਾ ਗਿਆ ਹੈ। ਇਹ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਰਾਤ ਦੇ ਕਰਫਿਊ ਪਾਬੰਦੀਆਂ ਦੇ ਹੁਕਮ ਫ਼ੈਕਟਰੀਆਂ ਦੇ ਸਟਾਫ਼/ਲੇਬਰ ਜੋ 24 ਘੰਟੇ ਸ਼ਿਫ਼ਟਾਂ ’ਚ ਕੰਮ ਕਰਦੇ ਹਨ, ਐਮਰਜੈਂਸੀ ਸਿਹਤ ਸੇਵਾਵਾਂ, ਨੈਸ਼ਨਲ ਹਾਈਵੇਅ ’ਤੇ ਆਵਾਜਾਈ ਤੇ ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਯਾਤਰਾ ਕਰਕੇ ਵਾਪਸ ਪਰਤ ਰਹੇ ਲੋਕਾਂ ’ਤੇ ਲਾਗੂ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਵਿੱਚ ਹੋਈ ਵੀਡੀਓ-ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਿਵਲ ਤੇ ਸਿਹਤ ਅਧਿਕਾਰੀਆਂ ਨੂੰ ਮਾਈਕਰੋ-ਕੰਟੇਨਮੈਂਟ ਜ਼ੋਨਾਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ।