ਸੰਗਰੂਰ: ਜ਼ਿਲ੍ਹੇ ਵਿੱਚ ਧਾਰਮਿਕ ਗ੍ਰੰਥ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮਾਮਲੇ ਵਿੱਚ ਇਸਰਾਰ ਮੁਹੰਮਦ ਨਾਮਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਮਸਜਿਦ ਦੇ ਮੌਲਵੀ ਦਾ ਹੀ ਸਾਲਾ ਹੈ। ਉਸ ਨੇ ਨਿੱਜੀ ਰੰਜਸ਼ ਕਾਰਨ ਇਹ ਹਰਕਤ ਕੀਤੀ ਸੀ।
ਅਸਲ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾ ਚੌਕ ਵਿੱਚ ਕੁਰਾਨ ਸ਼ਰੀਫ਼ ਦੀ ਪਿਛਲੇ ਦਿਨੀਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਜਾਂਚ ਦੌਰਾਨ ਪਾਇਆ ਕਿ ਮੌਲਵੀ ਦੇ ਸਾਲੇ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਕਾਬਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਘਟਨਾ ਸਾਹਮਣੇ ਆਈ ਸੀ।
ਇਸ ਤੋਂ ਬਾਅਦ ਇਸ ਉੱਤੇ ਕਾਫ਼ੀ ਵਿਵਾਦ ਹੋਇਆ ਸੀ।ਭੜਕੀ ਹੋਈ ਭੀੜ ਨੇ ਮਲੇਰਕੋਟਲਾ ਤੋਂ ਅਕਾਲੀ ਵਿਧਾਇਕ ਦੇ ਘਰ ਪੱਥਰ ਬਾਜ਼ੀ ਕੀਤੀ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਵਿੱਚੋਂ ਇੱਕ ਵਿਜੇ ਕੁਮਾਰ ਵਿਅਕਤੀ ਨੇ ਆਰੋਪ ਲਗਾਇਆ ਸੀ ਕਿ ਉਸ ਨੇ ਇਹ ਹਰਕਤ ਦਿੱਲੀ ਤੋਂ ਆਪ ਵਿਧਾਇਕ ਨਰੇਸ਼ ਯਾਦਵ ਦੇ ਕਹਿਣ ਉੱਤੇ ਕੀਤੀ ਸੀ। ਪੁਲਿਸ ਨਰੇਸ਼ ਯਾਦਵ ਨੂੰ ਵੀ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰ ਚੁੱਕੀ ਹੈ।