ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ਵਿੱਚ ਸੀ.ਬੀ.ਆਈ. ਨੇ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਵਿੱਚ ਰਿਪੋਰਟ ਸੌਂਪ ਦਿੱਤੀ ਹੈ। ਇਹ ਰਿਪੋਰਟ ਸੀਲ ਕਵਰ ਵਿੱਚ ਮੈਜਿਸਟਰੇਟ ਰਾਕੇਸ਼ ਕੁਮਾਰ ਸਿੰਘ ਦੀ ਕੋਰਟ ਵਿੱਚ ਸੌਂਪੀ ਗਈ ਹੈ। ਇਸ ਮਗਰੋਂ ਮੈਜਿਸਟਰੇਟ ਵੱਲੋਂ ਇਸ ਮਾਮਲੇ 'ਤੇ ਅਗਲੀ ਸੁਣਵਾਈ 28 ਸਤੰਬਰ ਨੁੰ ਕਰਨ ਦਾ ਐਲਾਨ ਕੀਤਾ।










ਮਾਮਲੇ 'ਤੇ ਸੁਣਵਾਈ ਦੌਰਾਣ ਸੀ.ਬੀ.ਆਈ. ਦੇ ਵਕੀਲ ਵੱਲੋਂ ਰਿਪੋਰਟ ਪੇਸ਼ ਕਰਨ ਦੇ ਲਈ ਹੋਰ ਸਮਾਂ ਮੰਗਿਆ ਗਿਆ ਸੀ ਪਰ ਮੈਜਿਸਟਰੇਟ ਨੇ ਇਹ ਕਹਿੰਦੇ ਹੋਏ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕੋਰਟ ਵਿੱਚ ਹੋਰ ਕੇਸ ਲੱਗੇ ਹਨ, ਇਸ ਆਧਾਰ 'ਤੇ ਰਿਪੋਰਟ ਨਾ ਜਮਾਂ ਕਰਵਾਉਣਾ ਕੋਈ ਜਾਇਜ਼ ਕਾਰਨ ਨਹੀਂ ਹੈ। ਉਨ੍ਹਾਂ ਪੁੱਛਿਆ ਕਿ ਕਿਉਂ ਇਸ ਮਾਮਲੇ ਵਿੱਚ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਜਾ ਰਹੀ।









ਜਦੋਂ ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਕਿ ਰਿਪੋਰਟ ਤਿਆਰ ਹੈ ਤੇ ਉਹ ਰਿਪੋਰਟ ਫਾਈਲ ਕਰ ਦੇਣਗੇ ਤਾਂ ਮੈਜਿਸਟਰੇਟ ਨੇ ਕਿਹਾ,'ਤੁਸੀਂ ਰਿਪੋਰਟ ਹੁਣ ਹੀ ਫਾਈਲ ਕਰੋ ਤੇ ਅਗਲੀ ਤਾਰੀਖ ਲਵੋ ਜਦੋਂ ਇਸ ਮਾਮਲੇ 'ਤੇ ਸੁਣਵਾਈ ਹੋ ਸਕੇ।' ਦੱਸਣਯੋਗ ਹੈ ਕਿ ਸੀ.ਬੀ.ਆਈ. ਵੱਲੋਂ ਲੰਬੀ ਤਾਰੀਖ ਦੀ ਮੰਗ ਦਾ ਐਚ.ਐਸ. ਫੂਲਕਾ ਵੱਲੋਂ ਸਖਤ ਵਿਰੋਧ ਕੀਤਾ ਗਿਆ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇਸ ਦੇ ਲਈ ਸੀ.ਬੀ.ਆਈ. ਵੱਲੋਂ ਪਹਿਲਾਂ ਵੀ ਤਿੰਨ ਵਾਰ ਸਮਾਂ ਲਿਆ ਜਾ ਚੁੱਕਿਆ ਹੈ। ਕੋਰਟ ਵੱਲੋਂ 11 ਜੁਲਾਈ ਨੂੰ ਉਨ੍ਹਾਂ ਨੂੰ ਆਖਰੀ ਵਾਰ ਸਮਾਂ ਦਿੱਤਾ ਗਿਆ ਸੀ।









ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖ ਕਤਲੇਆਮ ਮਾਮਲੇ ਵਿੱਚ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਪਰ ਇਹ ਮਾਮਲਾ ਦੁਬਾਰਾ ਉੱਠਣ 'ਤੇ ਹੁਣ ਇੱਕ ਵਾਰ ਫਿਰ ਸੀ.ਬੀ.ਆਈ. ਨੇ ਟਾਇਟਲਰ ਤੋਂ ਪੁੱਛਗਿੱਛ ਕੀਤੀ ਹੈ।