ਸੁਲਤਾਨਪੁਰ ਲੋਧੀ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ 'ਕੁਦਰਤੀ ਖੇਤੀ ਕੁਦਰਤੀ ਸਿਹਤ' ਵਰਕਸ਼ਾਪ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮਰਦਾਨਾ ਦੀਵਾਨ ਹਾਲ ਵਿੱਚ ਸ਼ੁਰੂ ਹੋਈ। ਇਸ ਦਾ ਉਦਘਾਟਨ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ। ਪਹਿਲੇ ਦਿਨ, ਪੰਜਾਬ, ਹਰਿਆਣਾ, ਹਿਮਾਚਲ ਜੰਮੂ-ਕਸ਼ਮੀਰ, ਦਿੱਲੀ ਤੇ ਮੁੰਬਈ ਤੋਂ ਇਲਾਵਾ ਲਗਪਗ 450 ਖੇਤੀ ਮਾਹਰ ਤੇ ਵਾਤਾਵਰਣ ਪ੍ਰੇਮੀ ਇਸ ਵਿੱਚ ਸ਼ਾਮਲ ਹੋਏ।
ਸੰਤ ਸੀਚੇਵਾਲ ਨੇ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ 15 ਸਾਲਾਂ ਤੋਂ ਲੋਕਾਂ ਦੀ ਸਿਹਤ ਸੁਧਾਰਨ ਲਈ ਕੰਮ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਦਵਾਈਆਂ ਦੀ ਬਜਾਏ ਸ਼ੁੱਧ ਭੋਜਨ ਮਿਲ ਸਕੇ। ਮਸ਼ਹੂਰ ਖੇਤੀਬਾੜੀ ਵਿਗਿਆਨੀ ਤਾਰਾ ਚੰਦ ਬੇਲ ਜੀ ਨੇ ਕਿਹਾ ਕਿ ਜੇ ਕੁਦਰਤੀ ਖੇਤੀ ਵੱਲ ਵਾਪਸ ਨਹੀਂ ਆਏ, ਤਾਂ ਕੀਟਨਾਸ਼ਕਾਂ ਤੇ ਪੈਸਟੀਸਾਇਡ ਦੇ ਵੱਧ ਰਹੇ ਪ੍ਰਕੋਪ ਨਾਲ 2027 ਤਕ 40 ਫੀਸਦ ਨੌਜਵਾਨਾਂ ਵਿੱਚ ਪ੍ਰਜਨਨ ਸ਼ਕਤੀ ਘੱਟ ਜਾਵੇਗੀ। ਆਈਵੀਐਫ ਦੇ ਕੇਂਦਰ ਹਰ ਗਲੀ ਵਿੱਚ ਦਿਖਾਈ ਦੇਣਗੇ।
ਬੇਲ ਜੀ ਨੇ ਕਿਹਾ ਕਿ ਕੁਦਰਤੀ ਖੇਤੀ ਨਾਲ ਤੁਸੀਂ ਨਾ ਸਿਰਫ ਆਪਣੀ ਸਿਹਤ ਸੁਧਾਰ ਸਕੋਗੇ, ਬਲਕਿ ਕਿਸਾਨਾ ਨੂੰ ਖ਼ੁਦਕੁਸ਼ੀ ਦੇ ਰਾਹ ਤੋਂ ਮੋੜਨ ਵਿੱਚ ਵੀ ਸਫਲ ਹੋਵੋਗੇ। ਉਨ੍ਹਾਂ ਕਿਹਾ ਕਿ ਜੇ ਸਾਡੇ ਖੇਤ ਦੀ ਮਿੱਟੀ ਵਿੱਚ ਸਹੀ ਮਾਤਰਾ ਵਿੱਚ ਬੈਕਟੀਰੀਆ ਹੋਣ ਤਾਂ ਘੱਟ ਜ਼ਮੀਨ ਵਾਲੇ ਵੀ ਵਧੇਰੇ ਫਸਲ ਪੈਦਾ ਕਰ ਸਕਣਗੇ। ਆਪਣੇ ਤਜ਼ਰਬੇ ਸਾਂਝੇ ਕਰਨ ਦੇ ਨਾਲ, ਉਨ੍ਹਾਂ ਨੇ ਆਪਣੇ ਖੇਤ ਦੇ ਉਤਪਾਦਾਂ ਦੇ ਲਾਈਵ ਡੈਮੋ ਵੀ ਦਿਖਾਏ ਅਤੇ ਕਿਹਾ ਕਿ ਹੁਣ ਸਿਹਤ ਨੂੰ ਧਿਆਨ ਵਿੱਚ ਰੱਖਣਾ ਸਮੇਂ ਦੀ ਲੋੜ ਹੈ।