ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਹੈ। ਹੁਣ ਸਰਕਾਰੀ ਕਰਮਚਾਰੀਆਂ ਨੂੰ ਪਲਾਟਾਂ ਤੇ ਫਲੈਟਾਂ ਵਿੱਚ 3 ਫ਼ੀਸਦੀ ਰਾਖਵੇਂਕਰਨ ਮਿਲੇਗਾ। ਸਰਕਾਰ ਨੇ ਇਹ ਕਦਮ ਮੁਲਾਜ਼ਮਾਂ ਨੂੰ ਸ਼ਹਿਰੀ ਖੇਤਰਾਂ ਵਿੱਚ ਰਿਹਾਇਸ਼ ਮੁਹੱਈਆ ਕਰਾਉਣ ਲਈ ਚੁੱਕਿਆ ਹੈ। ਇਸ ਦੀ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਦਿੱਤੀ।

ਉਨ੍ਹਾਂ ਨੇ ਸੂਬਾ ਸਰਕਾਰ ਦੇ ਕਰਮਚਾਰੀਆਂ ਤੇ ਹੋਰਨਾਂ ਲਈ ਪਲਾਟਾਂ ਤੇ ਫਲੈਟਾਂ ਵਿੱਚ 3 ਫ਼ੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਉਪਰਾਲੇ ਨਾਲ ਮੁਲਾਜ਼ਮਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰ ਖੇਤਰ ਵਿਚਲੇ ਪਲਾਟ ਤੇ ਫਲੈਟ ਲੈਣ ਦਾ ਮੌਕਾ ਮਿਲੇਗਾ।

ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ, ਸੂਬੇ ਦੀ ਮਲਕੀਅਤ ਤੇ ਨਿਯੰਤਰਨ ਅਧੀਨ ਬੋਰਡ ਤੇ ਕਾਰਪੋਰੇਸ਼ਨਾਂ, ਸਹਿਕਾਰਤਾ ਵਿਭਾਗ ਦੇ ਨਿਯੰਤਰਨ ਅਧੀਨ ਉੱਚ ਸੰਸਥਾਵਾਂ ਜਿਵੇਂ ਮਾਰਕਫੈੱਡ, ਮਿਲਕਫੈੱਡ, ਪੰਜਾਬ ਰਾਜ ਸਹਿਕਾਰੀ ਬੈਂਕ, ਹਾਊਸਫੈੱਡ ਇਸ ਨੀਤੀ ਤਹਿਤ ਯੋਗ ਹਨ।