ਅੰਮ੍ਰਿਤਸਰ: ਅੰਮ੍ਰਿਤਸ ਦੇ ਭਗਤਾਂ ਵਾਲਾ ਕੂੜਾ ਡੰਪ ਸਬੰਧੀ ਸੂਬਾ ਸਰਕਾਰ ਦੇ ਵੱਖ-ਵੱਖ ਆਗੂਆਂ ਵੱਲੋਂ ਕੀਤੇ ਗਏ ਖੋਖਲੇ ਵਾਅਦਿਆਂ ਖਿਲਾਫ਼ ਅੱਜ ਸਥਾਨਕ ਨਾਲ ਲੱਗਦੀਆਂ ਕਾਲੋਨੀ ਦੇ ਵਸਨੀਕਾਂ ਨੇ ਨਾਲ ਮਿਲ ਕੇ ਰੋਸ ਵਜੋਂ ਕੈਂਡਲ ਮਾਰਚ ਕੱਢਿਆ।
ਇਸ ਮੌਕੇ ਸਥਾਨਕ ਵਸਨੀਕਾਂ ਨੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਬੀਤੇ ਕੁਝ ਸਾਲ ਪਹਿਲਾਂ ਸੂਬੇ ਵਿਚਲੀ ਕਾਂਗਰਸ ਦੇ ਆਗੂ ਇੰਦਰਬੀਰ ਸਿੰਘ ਬੁਲਾਰੀਆ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਡਾ. ਰਾਜ ਕੁਮਾਰ ਵੇਰਕਾ ਅਤੇ ਆਪ ਪਾਰਟੀ ਦੇ ਆਗੂਆਂ ਨੇ ਪਹੁੰਚ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਇਸ ਡੰਪ ਤੋਂ ਜਲਦ ਤੋਂ ਜਲਦ ਨਿਜਾਤ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਅਫ਼ਸੋਸ ਕਈ ਸਾਲ ਬੀਤ ਜਾਣ ’ਤੇ ਵੀ ਸਥਿਤੀ ਜਿਉਂ ਦੀ ਤਿਉਂ ਹੀ ਹੈ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਡੰਪ ’ਤੇ ਆਏ ਦਿਨ ਅਚਾਨਕ ਅੱਗ ਲੱਗਣ ਕਰਕੇ ਉਥੋਂ ਉੱਠਣ ਵਾਲੇ ਜ਼ਹਿਰੀਲੇ ਧੂੰਏ ਨਾਲ ਆਸ ਪਾਸ ਇਲਾਕੇ ਲੋਕ ਸਾਹ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਲਪੇਟ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ’ਚ ਡੰਪ ’ਤੇ ਮਰੇ ਜੀਵ-ਜੰਤੂਆਂ ਦੀ ਬਦਬੂ ਹਵਾ ਨਾਲ ਆਲੇ ਦੁਆਲੇ ਦੇ ਇਲਾਵਾ ਦੂਰ-ਦੂਰ ਇਲਾਕਿਆਂ ਤੱਕ ਫੈਲ ਜਾਂਦੀ ਹੈ, ਜਿਸ ਨਾਲ ਘਰਾਂ ਦੇ ਅੰਦਰ ਅਤੇ ਛੱਤ ’ਤੇ ਬੈਠਣਾ ਅਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਇਸ ਕਾਰਨ ਇਲਾਕੇ ’ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਡੰਪ ’ਤੇ ਕੂੜੇ ਨੂੰ ਅੱਗ ਲੱਗਣ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ ਹੈ।ਇਸ ਮੌਕੇ ਵਸਨੀਕਾਂ ਨੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ 7 ਸਤੰਬਰ ਨੂੰ ‘ਫੋਨ ਅਤੇ ਖੁਦ ਨੂੰ ਚਾਰਜ’ ਰੱਖਣ ਸਬੰਧੀ ਭੇਦਭਰੇ ਬੋਰਡ ਸ਼ਹਿਰ ’ਚ ਲਾਏ ਉਸ ’ਤੇ ਉਨ੍ਹਾਂ ਕਿਹਾ ਕਿ ਉਹ ਉਲਝਾਉਣ ਦਾ ਯਤਨ ਨਾ ਕਰੇ ਕਿਉਂਕਿ ਅਜਿਹੇ ਬੋਰਡ ਲਗਾ ਕੇ ਉਹ ਨਿਆਣਿਆਂ ਵਾਲੀਆਂ ਖੇਡਾਂ ਖੇਡ ਰਹੇ ਹਨ। ਇਸ ਸਬੰਧੀ ਤਾਂ ਪਤਾ ਨਹੀਂ ਕਿਹੜਾ ਜਿਨ ਬਾਹਰ ਆਉਣਾ ਹੈ? ਪਹਿਲਾਂ ਡੰਪ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਸਬੰਧੀ ਕੀਤਾ ਵਾਅਦਾ ਪੂਰਾ ਕਰੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਚੋਣਾਂ ਦੌਰਾਨ ਵੋਟਾਂ ਬਟੌਰਨ ਖਾਤਿਰ ਲੋਕਾਂ ਨਾਲ ਡੰਪ ਹਟਾਉਣ ਸਬੰਧੀ ਕੀਤੇ ਵਾਅਦੇ ਨੂੰ ਯਾਦ ਕਰਵਾਉਂਦਿਆਂ ਉਸ ਨੂੰ ਪੂਗਾਉਣ ਦੀ ਵੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਪਰੋਕਤ ਆਗੂਆਂ ਨੇ ਡੰਪ ਤੋਂ ਛੁਟਕਾਰਾ ਦਿਵਾਉਣ ਲਈ ਇਲਾਕਾ ਨਿਵਾਸੀਆਂ ਨਾਲ ਅਜਿਹਾ ਹੀ ਵਾਅਦਾ ਕੀਤਾ ਸੀ ਪਰ ਕਰੀਬ ਸਾਢੇ 4 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ, ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ।ਕਾਲੋਨੀਆਂ ਦੇ ਵਸਨੀਕਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਆਗੂਆਂ ਨੇ ਵੱਖ ਵੱਖ ਸਮੇਂ ਡੰਪ ’ਤੇ ਆਲੀਸ਼ਾਨ ਹਸਪਤਾਲ, ਪਾਰਕ ਆਦਿ ਬਣਾਉਣ ਦੇ ਸੁਪਨੇ ਸਥਾਨਕ ਵਸਨੀਕਾਂ ਨੂੰ ਵਿਖਾਏ ਸਨ ਪਰ ਅਜੇ ਬੜੇ ਦੁਖ ਦੀ ਗੱਲ ਹੈ ਕਿ ਸੁਪਨੇ ਜੋ ਹਕੀਕਤ ਨਹੀਂ ਬਣ ਸਕੇ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਡੰਪ ਤੋਂ ਨਿਜਾਤ ਨਾ ਦਿਵਾਈ ਗਈ ਤਾਂ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਬੁਲਾਰੀਆ ਨੂੰ ਹਲਕੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਵਿਧਾਨ ਚੋਣਾਂ ’ਚ ਸੂਬਾ ਸਰਕਾਰ ਦਾ ਬਾਈਕਾਟ ਕੀਤਾ ਜਾਵੇਗਾ।