ਆਮ ਆਦਮੀ ਪਾਰਟੀ 'ਚ ਧਮਾਕੇ 'ਤੇ ਧਮਾਕਾ, ਮਾਨਸ਼ਾਹੀਆ ਤੇ ਸੰਦੋਆ ਮਗਰੋਂ ਹੁਣ ਅਗਲੀ ਵਾਰੀ...
ਏਬੀਪੀ ਸਾਂਝਾ | 06 May 2019 05:20 PM (IST)
ਆਮ ਆਦਮੀ ਪਾਰਟੀ (ਆਪ) ਵੱਡੇ ਸਿਆਸੀ ਸੰਕਟ ਵਿੱਚ ਘਿਰ ਗਈ ਹੈ। ਇੱਕ ਤੋਂ ਬਾਅਦ ਇੱਕ ਸੀਨੀਅਰ ਲੀਡਰ ਤੇ ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ। ਦਿਲਚਸਪ ਹੈ ਕਿ ਪੰਜਾਬ ਦੀ ਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਤੇ ਸਿਆਸੀ ਸੰਕਟ ਵਿੱਚ ਘਿਰੀ ਹੋਣ ਕਰਕੇ ਆਮ ਆਦਮੀ ਪਾਰਟੀ (ਆਪ) ਕੋਲ ਪੰਜਾਬ ਵਿੱਚ ਦੂਜੀ ਵੱਡੀ ਧਿਰ ਦੀ ਥਾਂ ਲੈਣ ਦਾ ਸੋਹਣਾ ਮੌਕਾ ਸੀ ਪਰ ਪਾਰਟੀ ਪਛੜਦੀ ਨਜ਼ਰ ਆ ਰਹੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਡੇ ਸਿਆਸੀ ਸੰਕਟ ਵਿੱਚ ਘਿਰ ਗਈ ਹੈ। ਇੱਕ ਤੋਂ ਬਾਅਦ ਇੱਕ ਸੀਨੀਅਰ ਲੀਡਰ ਤੇ ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ। ਦਿਲਚਸਪ ਹੈ ਕਿ ਪੰਜਾਬ ਦੀ ਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਤੇ ਸਿਆਸੀ ਸੰਕਟ ਵਿੱਚ ਘਿਰੀ ਹੋਣ ਕਰਕੇ ਆਮ ਆਦਮੀ ਪਾਰਟੀ (ਆਪ) ਕੋਲ ਪੰਜਾਬ ਵਿੱਚ ਦੂਜੀ ਵੱਡੀ ਧਿਰ ਦੀ ਥਾਂ ਲੈਣ ਦਾ ਸੋਹਣਾ ਮੌਕਾ ਸੀ ਪਰ ਪਾਰਟੀ ਪਛੜਦੀ ਨਜ਼ਰ ਆ ਰਹੀ ਹੈ। ਲੋਕ ਸਭਾ ਚੋਣਾਂ ਦੇ ਭਖੇ ਮਾਹੌਲ ਵਿੱਚ ਵਿਧਾਇਕ ਤੇ ਲੀਡਰ ਪਾਰਟੀ ਨੂੰ ਵੱਡੇ ਝਟਕੇ ਦੇ ਕੇ ਜਾ ਰਹੇ ਹਨ। ਪਾਰਟੀ ਦੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਅਸਤੀਫੇ ਮਗਰੋਂ ਕੁਝ ਜ਼ਿਆਦਾ ਹੈਰਾਨੀ ਨਹੀਂ ਹੋਈ ਸੀ ਕਿਉਂਕਿ ਉਹ ਪਹਿਲਾਂ ਹੀ ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਬਾਗੀ ਧੜੇ ਨਾਲ ਚੱਲ ਰਹੇ ਸੀ। ਇਸ ਮਗਰੋਂ ਦਿੱਲੀ ਦੀ ਲੀਡਰਸ਼ਿਪ ਦੇ ਕਰੀਬੀ ਮੰਨੇ ਜਾਂਦੇ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਅਸਤੀਫੇ ਨੇ ਪਾਰਟੀ ਅੰਦਰ ਖਲਬਲੀ ਮਚਾ ਦਿੱਤੀ ਹੈ। ਪਾਰਟੀ ਅੰਦਰ ਇਹ ਵੀ ਖੌਫ ਹੈ ਕਿ ਅਗਲੇ ਸਮੇਂ ਵਿੱਚ ਹੋਰ ਲੀਡਰ ਧਮਾਕੇ ਕਰ ਸਕਦੇ ਹਨ ਕਿਉਂਕਿ ਵਿਧਾਇਕ ਕੁਲਤਾਰ ਸਿੰਘ ਸੰਧਵਾ ਨਾਲ ਸੰਦੋਆ ਦੀ ਕਾਫੀ ਨੇੜਤਾ ਹੈ। ਇਸ ਲਈ ਸੰਧਵਾ ਦੇ ਵੀ ਸੰਦੋਆ ਦੀ ਰਾਹ ਜਾਣ ਦੇ ਚਰਚੇ ਹਨ। ਉਂਝ ਸੰਧਵਾ ਨੇ ਇਸ ਚਰਚਾ ਨੂੰ ਸਿਰੇ ਤੋਂ ਰੱਦ ਕੀਤਾ ਹੈ। ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਵੀ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਪਰ ਅਰੋੜਾ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ। ਦਰਅਸਲ ਪਾਰਟੀ ਦੇ ਬਹੁਤੇ ਲੀਡਰ ਭਗਵੰਤ ਮਾਨ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਤੋਂ ਕਾਫੀ ਔਖੇ ਹਨ। ਇਸ ਲਈ ਪਾਰਟੀ ਦੀਆਂ ਤਰੇੜਾਂ ਘਟਣ ਦੀ ਥਾਂ ਵਧ ਰਹੀਆਂ ਹਨ। ਭਗਵੰਤ ਮਾਨ ਦੇ ਕਮਾਨ ਸੰਭਾਲਣ ਮਗਰੋਂ ਦੋ ਵਿਧਾਇਕਾਂ ਮਾਨਸ਼ਾਹੀਆ ਤੇ ਸੰਦੋਆ ਤੋਂ ਇਲਾਵਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖੜ੍ਹੇ ਪਾਰਟੀ ਦੇ ਚਾਰ ਉਮੀਦਵਾਰ ਵੀ ‘ਆਪ’ ਨੂੰ ਅਲਵਿਦਾ ਆਖ ਚੁੱਕੇ ਹਨ। ਇਨ੍ਹਾਂ ਵਿੱਚ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਸ਼ਾਮਲ ਹਨ ਜੋ ਮੁੜ ਅਕਾਲੀ ਦਲ ਵਿੱਚ ਚਲੇ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਵਾਲੇ ਭੁਪਿੰਦਰ ਸਿੰਘ ਬਿੱਟੂ ਤੇ ਹਲਕਾ ਲੁਧਿਆਣਾ ਤੋਂ ਚੋਣ ਲੜਨ ਵਾਲੇ ਦਲਜੀਤ ਸਿੰਘ ਭੋਲਾ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਹਲਕਾ ਸਲਤਾਨਪੁਰ ਲੋਧੀ ਤੋਂ ਚੋਣ ਲੜਨ ਵਾਲੇ ਸੱਜਣ ਸਿੰਘ ਚੀਮਾ ਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਚੋਣ ਲੜਨ ਵਾਲੇ ਨਰਿੰਦਰ ਸਿੰਘ ਸੰਧਾ ਅਕਾਲੀ ਬਣ ਚੁੱਕੇ ਹਨ। ਇਸੇ ਤਰ੍ਹਾਂ ਪਾਰਟੀ ਦੀ ਤਰਜਮਾਨ ਡਾ. ਅਮਨਦੀਪ ਕੌਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੀ ਹੈ। ਪਾਰਟੀ ਦੇ ਯੂਥ ਵਿੰਗ ਮਾਲਵਾ-1 ਦਾ ਪ੍ਰਧਾਨ ਗੋਰਾ ਫਿਰੋਜ਼ਸ਼ਾਹ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਪਾਰਟੀ ਦੇ ਦੋ ਬੁਲਾਰੇ ਸਤਵੀਰ ਵਾਲੀਆ ਤੇ ਦਰਸ਼ਨ ਸਿੰਘ ਸ਼ੰਕਰ ਵੀ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ। ਮੁਲਾਜ਼ਮ ਆਗੂ ਹਰੀ ਸਿੰਘ ਟੌਹੜਾ, ਜੋ ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਦੀ ਟਿਕਟ ਦਾ ਦਾਅਵੇਦਾਰ ਸੀ, ਵੀ ਕਾਂਗਰਸ ਨਾਲ ਹੱਥ ਮਿਲਾ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਸਹੀ ਨਾ ਰਹੀ ਤਾਂ ਭਗਵੰਤ ਮਾਨ ਖਿਲਾਫ ਬਗਾਵਤ ਦੇ ਨਾਲ-ਨਾਲ ਪਾਰਟੀ ਅੰਦਰ ਵੱਡੇ ਧਮਾਕੇ ਹੋਣਗੇ। ਇਸ ਤੋਂ ਬਾਅਦ ਪਾਰਟੀ ਲਈ ਸੰਭਲਣਾ ਔਖਾ ਹੋਏਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇਸ ਹਾਲ ਤੋਂ ਸ਼੍ਰੋਮਣੀ ਅਕਾਲੀ ਦਲ ਖੁਸ਼ ਹੈ। ਅਕਾਲੀ ਦਲ ਨੂੰ ਲੱਗਦਾ ਹੈ ਕਿ ਜੇਕਰ 'ਆਪ' ਦੀ ਕਲੇਸ਼ ਇਸੇ ਤਰ੍ਹਾਂ ਰਿਹਾ ਤਾਂ 2022 ਤੱਕ ਉਹ ਮੁੜ ਮੁੱਖ ਧਿਰ ਵਜੋਂ ਉੱਭਰ ਆਏਗੀ।